ਜਲੰਧਰ: 'ਰਾਜ ਕੁਮਾਰ ਰਾਓ' ਦੀ ਫਿਲਮ ਵਿਵਾਦ ਨੁੂੰ ਲੈਕੇ ਕੋਰਟ ਵਿੱਚ ਸੁਣਵਾਈ
ਸਾਲ 2017 ਵਿੱਚ 'ਬਹਿਨ ਹੋਗੀ ਤੇਰੀ' (Behen Hogi Teri) ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਇੱਕ ਵਿਵਾਦਿਤ ਪੋਸਟਰ ਸਬੰਧੀ ਅੱਜ ਜਲੰਧਰ ਅਦਾਲਤ ਵਿੱਚ ਮੁੜ ਸੁਣਵਾਈ ਹੋਈ।ਹਾਲਾਂਕਿ ਅਦਾਕਾਰ ਰਾਜ ਕੁਮਾਰ ਰਾਓ ਸੁਣਵਾਈ ਦੌਰਾਨ ਖ਼ੁਦ ਹਾਜ਼ਰ ਨਹੀਂ ਹੋਏ।
ਐਡਵੋਕੇਟ ਦਰਸ਼ਨ ਦਿਆਲ ਨੇ ਅਦਾਕਾਰ ਰਾਜ ਕੁਮਾਰ ਰਾਓ ਕੇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਲ 2017 ਵਿੱਚ ਫਿਲਮ ਵਿੱਚ 'ਸ਼ਿਵਾਜੀ' ਦਾ ਕਿਰਦਾਰ ਨਿਭਾਇਆ ਸੀ, ਜਿਸ ਕਾਰਨ ਕੁੱਝ ਲੋਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਏ ਸੀ।ਉਸ ਸਮੇਂ ਇਹ ਕੇਸ ਅਦਾਕਾਰ ਰਾਜ ਕੁਮਾਰ ਰਾਓ, ਅਦਾਕਾਰ ਸ਼ਰੂਤੀ ਹਸਨ, ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਡਿਪਟੀ ਨਿਰਦੇਸ਼ਕ ਵਿਰੁੱਧ ਦਰਜ ਕੀਤਾ ਗਿਆ।
ਐਡਵੋਕੇਟ ਦਰਸ਼ਨ ਦਿਆਲ ਨੇ ਕਿਹਾ ਕਿ ਐਫਆਈਆਰ ਧਾਰਾ 295ਏ (ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਰਾਦੇ ਨਾਲ ਕੀਤਾ ਗਿਆ ਕੰਮ), ਧਾਰਾ 120ਬੀ (ਅਪਰਾਧਿਕ ਸਾਜ਼ਿਸ਼) ਅਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਦਰਜ ਕੀਤੀ ਗਈ ਸੀ, ਜਿਸ ਕਾਰਨ ਅਦਾਕਾਰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ।
ਰਾਜਕੁਮਾਰ ਰਾਓ ਨੇ ਆਪਣੀ ਫਿਲਮ 'ਬਹਿਨ ਹੋਗੀ ਤੇਰੀ' ਨਾਲ ਸਬੰਧਤ ਮਾਮਲੇ ’ਚ 28 ਜੁਲਾਈ ਨੂੰ ਜਲੰਧਰ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਅਦਾਕਾਰ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਗਈ ਸੀ।
ਐਡਵੋਕੇਟ ਦਰਸ਼ਨ ਦਿਆਲ ਨੇ ਕਿਹਾ, ‘‘ਅਦਾਕਾਰ ਦੀ ਗੈਰਹਾਜ਼ਰੀ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ ਕਿਉਂਕਿ ਸੰਮਨ ਵਿੱਚ ਪਤਾ ਦਿੱਲੀ ਸੀ।
ਇਸ ਲਈ ਉਸ ਨੂੰ ਅਦਾਲਤ ਵਿੱਚ ਪੇਸ਼ ਹੋਣ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ ਦਰਅਸਲ ਅਦਾਕਾਰ ਮੁੰਬਈ ਵਿੱਚ ਰਹਿ ਰਿਹਾ ਹੈ। ਦੂਜੇ ਪਾਸੇ ਸ਼ਰੂਤੀ ਹਸਨ ਨੂੰ ਅਦਾਲਤ ਵੱਲੋਂ ਬੇਕਸੂਰ ਪਾਏ ਜਾਣ ਤੋਂ ਬਾਅਦ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ। ਅਜੈ ਕੇ ਪੰਨਾਲਾਲ (ਫਿਲਮ ਦੇ ਨਿਰਦੇਸ਼ਕ) ਅੱਜ ਅਦਾਲਤ ਵਿੱਚ ਪਹੁੰਚ ਗਏ ਹਨ, ਜਿਨ੍ਹਾਂ ਦੀ ਪਟੀਸ਼ਨ ਅਦਾਲਤ ਵਿੱਚ ਦਾਇਰ ਕੀਤੀ ਗਈ ਹੈ।’’
ਪਟੀਸ਼ਨ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਅਦਾਕਾਰ ਨੇ ਸਿਰਫ਼ ਇੱਕ ਫਿਲਮੀ ਕਿਰਦਾਰ ਨਿਭਾਇਆ ਹੈ, ਜਿਸ ਵਿੱਚ ਉਸ ਦੇ ਕਿਰਦਾਰ ਨੇ 'ਜਾਗਰਣ ਮੰਡਲੀ' ਵਿੱਚ 'ਭਗਵਾਨ ਸ਼ਿਵ' ਦੀ ਭੂਮਿਕਾ ਨਿਭਾਈ ਹੈ ਅਤੇ ਇਹ ਇੱਕ ਪੂਰੀ ਤਰ੍ਹਾਂ ਕਲਾਤਮਕ ਪੇਸ਼ਕਾਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੁੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਫਿਲਮ ਨੁੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਨੇ ਮਨਜ਼ੂਰੀ ਦਿੱਤੀ ਸੀ।
ਦੱਸ ਦਈਏ ਕਿ ਫਿਲਮ ਅਜੇ ਕੇ ਪੰਨਲਾਲ ਦੇ ਨਿਰਦੇਸ਼ਨ ਅਧੀਨ ਬਣੀ ਸੀ, ਜਿਸ ਵਿੱਚ ਅਦਾਕਾਰ ਰਾਜ ਕੁਮਾਰ ਰਾਓ ਅਤੇ ਅਦਾਕਾਰ ਸ਼ਰੂਤੀ ਹਸਨ ਮੁੱਖ ਕਿਰਦਾਰ ਵਿੱਚ ਨਜ਼ਰ ਆਏ ਸਨ ਹਾਲਾਂਕਿ ਰਾਜ ਕੁਮਾਰ ਰਾਓ ਆਖ਼ਿਰੀ ਦਫ਼ਾ 'ਮਾਲਿਕ' ਵਿੱਚ ਨਜ਼ਰ ਆਏ ਸਨ।