ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਗਵਾ ਪੰਜਾਬੀ ਨੌਜਵਾਨਾਂ ਦੀ ਤਹਿਰਾਨ ਤੋਂ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਵੇ ਭਾਰਤ ਸਰਕਾਰ: ਨਾਪਾ

ਇਜ਼ਰਾਈਲ-ਇਰਾਨ ਟਕਰਾਅ ਕਰਕੇ ਤਹਿਰਾਨ ਵਿਚ ਫਸੇ ਪੰਜਾਬੀ ਨੌਜਵਾਨ; ਪਰਿਵਾਰ ਅਣਕਿਆਸੇ ਡਰ ਵਿਚ ਜਿਊਣ ਲਈ ਮਜਬੂਰ
ਇਰਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਦੀ ਫਾਈਲ ਫੋਟੋ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਜਲੰਧਰ, 15 ਜੂਨ

Advertisement

ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ  ਭਾਰਤ ਸਰਕਾਰ ਅਤੇ ਕੌਮਾਂਤਰੀ ਮਾਨਵੀ ਭਾਈਚਾਰੇ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਇਰਾਨ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਹੁਣ ਉਹ ਇਜ਼ਰਾਈਲ ਤੇ ਇਰਾਨ ਵਿਚ ਜਾਰੀ ਟਕਰਾਅ ਕਰਕੇ ਉਥੇ ਫਸ ਗਏ ਹਨ।

ਚਾਹਲ ਨੇ ਕਿਹਾ ਕਿ ਹੁਸਨਪ੍ਰੀਤ ਸਿੰਘ (27) ਵਾਸੀ ਸੰਗਰੂਰ, ਅੰਮ੍ਰਿਤਪਾਲ ਸਿੰਘ (23) ਵਾਸੀ ਹੁਸ਼ਿਆਰਪੁਰ ਅਤੇ ਜਸਪਾਲ ਸਿੰਘ (32) ਵਾਸੀ ਸ਼ਹੀਦ ਭਗਤ ਸਿੰਘ ਨਗਰ  ਨੂੰ ਕਥਿਤ ਕੌਮਾਂਤਰੀ ਮਨੁੱਖੀ ਤਸਕਰੀ ਸਿੰਡੀਕੇਟ ਨੇ ਤਹਿਰਾਨ ਰਾਹੀਂ ਆਸਟਰੇਲੀਆ ਜਾਂਦੇ ਸਮੇਂ ਅਗਵਾ ਕਰ ਲਿਆ ਸੀ। ਇਨ੍ਹਾਂ ਨੌਜਵਾਨਾਂ ਨੇ ਪੰਜਾਬ ਵਿੱਚ ਏਜੰਟਾਂ ਨੂੰ ਕਰੀਬ 18-18 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਨੂੰ ਵੈਧ ਤਰੀਕੇ ਨਾਲ ਆਸਟਰੇਲੀਆ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਯਾਤਰਾ ਕੁੱਟਮਾਰ ਅਤੇ ਫਿਰੌਤੀ ਦੀ ਮੰਗ ਕਰਕੇ ਭਿਆਨਕ ਸੁਪਨੇ ਵਿੱਚ ਬਦਲ ਗਈ। ਚਾਹਲ ਨੇ ਕਿਹਾ, ‘‘ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਅਣਕਿਆਸੇ ਡਰ ਅਤੇ ਪ੍ਰੇਸ਼ਾਨੀ ਵਿੱਚ ਜੀਅ ਰਹੇ ਹਨ।’’

ਚਾਹਲ ਨੇ ਕਿਹਾ, ‘‘ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ’ਤੇ ਟਿਕੇ ਹੋਏ ਹਨ, ਪਰ ਇਜ਼ਰਾਈਲ ਤੇ ਇਰਾਨ ਵਿਚ ਜਾਰੀ ਜੰਗ ਕਰਕੇ ਤਹਿਰਾਨ ਵਿਚ ਚੱਲ ਰਹੀ ਫੌਜੀ ਅਸ਼ਾਂਤੀ ਉਨ੍ਹਾਂ ਦੀ ਹਾਲਤ ਨੂੰ ਹੋਰ ਵੀ ਖ਼ਤਰਨਾਕ ਬਣਾ ਰਹੀ ਹੈ। ਇਹ ਨੌਜਵਾਨ ਸਿਰਫ਼ ਤਸਕਰੀ ਰੈਕੇਟ ਦੇ ਸ਼ਿਕਾਰ ਨਹੀਂ ਹਨ - ਉਹ ਹੁਣ ਜੰਗ ਦੇ ਰਹਿਮ ’ਤੇ ਹਨ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਡੂੰਘੇ ਟਕਰਾਅ ਨੇ ਕੂਟਨੀਤਕ ਅਤੇ ਬਚਾਅ ਯਤਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਤੇਜ਼ ਕਰੇ। ਉਨ੍ਹਾਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਨੂੰ ਮਾਨਵੀ ਪਹੁੰਚ ਅਤੇ ਦਖਲਅੰਦਾਜ਼ੀ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ।

ਚਾਹਲ ਨੇ ਕਿਹਾ, ‘‘NAPA ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਇਕਜੁੱਟਤਾ ਨਾਲ ਖੜ੍ਹਾ ਹੈ ਅਤੇ ਭਾਰਤੀ ਅਤੇ ਵਿਸ਼ਵਵਿਆਪੀ ਅਧਿਕਾਰੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਨੂੰ ਤਰਜੀਹ ਦੇਣ, ਜਿਨ੍ਹਾਂ ਨੂੰ ਧੋਖੇਬਾਜ਼ ਤਸਕਰਾਂ ਨੇ ਗੁੰਮਰਾਹ ਕੀਤਾ ਸੀ ਅਤੇ ਹੁਣ ਜੰਗ ਪ੍ਰਭਾਵਿਤ ਖੇਤਰ ਵਿੱਚ ਫਸੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਦੁਖਾਂਤ ਨੂੰ ਅੰਜਾਮ ਦੇਣ ਵਾਲੇ ਟਰੈਵਲ ਏਜੰਟਾਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।

Advertisement
Tags :
kidnapped Punjabi youth