ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਛੇ ਦਿਨ ਆਨੇ ਵਾਲੇ ਹੈਂ, ਮੋਦੀ ਜੀ ਜਾਨੇ ਵਾਲੇ ਹੈਂ: ਕੇਜਰੀਵਾਲ

‘ਆਪ’ ਦੇ ਕਨਵੀਨਰ ਨੇ ਮਨੀਸ਼ ਤਿਵਾੜੀ, ਕਾਕਾ ਬਰਾੜ ਤੇ ਗੁਰਪ੍ਰੀਤ ਜੀਪੀ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ
ਸ੍ਰੀ ਮੁਕਤਸਰ ਸਾਹਿਬ ਵਿੱਚ ਰੋਡ ਸ਼ੋਅ ਕਰਦੇ ਹੋਏ ਅਰਵਿੰਦ ਕੇਜਰੀਵਾਲ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 29 ਮਈ

Advertisement

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ਾਮ ਨੂੰ ਚੰਡੀਗੜ੍ਹ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਹਮਾਇਤ ਵਿੱਚ ਰੋਡ ਸ਼ੋਅ ਕੀਤਾ। ਇਹ ਰੋਡ ਸ਼ੋਅ ਸੈਕਟਰ-26 ਵਿੱਚ ਸਥਿਤ ਬਾਪੂ ਧਾਮ ਕਲੋਨੀ ਵਿੱਚ ਕੀਤਾ ਗਿਆ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ ਨੂੰ ਖਤਮ ਕਰਨ ਲੱਗੀ ਹੋਈ ਹੈ ਅਤੇ ‘ਇੰਡੀਆ’ ਗੱਠਜੋੜ ਸੰਵਿਧਾਨ ਬਚਾਉਣ ਲਈ ਲੜਾਈ ਲੜ ਰਿਹਾ ਹੈ। ਇਸੇ ਕਰਕੇ 4 ਜੂਨ ਨੂੰ ਦੇਸ਼ ਵਿੱਚ ‘ਅੱਛੇ ਦਿਨ ਆਨੇ ਵਾਲੇ ਹੈ, ਮੋਦੀ ਜੀ ਜਾਨੇ ਵਾਲੇ ਹੈ’। ਉਨ੍ਹਾਂ ਕਿਹਾ ਕਿ ਭਾਜਪਾ ਪੂਰੇ ਦੇਸ਼ ਵਿੱਚ ਤਾਨਾਸ਼ਾਹੀ ਕਰ ਰਹੀ ਹੈ, ਜੋ ਦੇਸ਼ ਲਈ ਚੰਗੀ ਗੱਲ ਨਹੀਂ ਹੈ।

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ 9 ਹਜ਼ਾਰ ਕਰੋੜ ਰੁਪਏ ਦੱਬੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ‘ਆਪ’ ਦੇ ਉਮੀਦਵਾਰ ਜਿਤਾ ਕੇ ਸੰਸਦ ’ਚ ਭੇਜਦੇ ਹਨ ਤਾਂ ਇਹ ਸਾਰੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਮੋਦੀ ਦੇ ਘਰ ਜਾ ਕੇ ਬੈਠਣਗੇ ਤੇ ਪੰਜਾਬ ਦਾ ਪੈਸਾ ਲੈ ਕੇ ਹੀ ਘਰ ਤੋਂ ਬਾਹਰ ਆਉਣਗੇ। ਕੇਜਰੀਵਾਲ ਅੱਜ ਮੁਕਤਸਰ ਵਿੱਚ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਸੰਬੋਧਨ ਕਰ ਰਹੇ ਸਨ।

ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੇਰ ਸ਼ਾਮ ਫ਼ਤਹਿਗੜ੍ਹ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਰੋਡ ਸ਼ੋਅ ਕਰਦੇ ਹੋਏ ਲੋਕਾਂ ਨੂੰ 13 ਸੀਟਾਂ ਉਪਰ ਪਾਰਟੀ ਉਮੀਦਵਾਰਾਂ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।

ਜਲੰਧਰ (ਪਾਲ ਸਿੰਘ ਨੌਲੀ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕੇਜਰੀਵਾਲ ਦੇ ਨਾਲ ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂ ਹਾਜ਼ਰ ਸਨ। ਅਰਵਿੰਦ ਕੇਜਰੀਵਾਲ ਨੇ ਕਾਰੋਬਾਰੀਆਂ ਨੂੰ ਇਸ ਚੋਣ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਵਿਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ।

ਸੰਤ ਸੀਚੇਵਾਲ ਨੇ ਕੇਜਰੀਵਾਲ ਨੂੰ ਵਾਤਾਵਰਨ ਦਾ ਏਜੰਡਾ ਸੌਂਪਿਆ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵਾਤਾਵਰਨ ਦਾ ਏਜੰਡਾ ਸੌਂਪਿਆ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਬਣੇ ਹੈਲੀਪੈਡ ’ਤੇ ਅਰਵਿੰਦ ਕੇਜਰੀਵਾਲ ਨਾਲ ਸਾਰਥਕ ਗੱਲਬਾਤ ਹੋਈ। ਸੰਤ ਸੀਚੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਏਜੰਡੇ ਨੂੰ ਅਪਣਾਉਣ ਦਾ ਵਾਅਦਾ ਕੀਤਾ ਹੈ।

Advertisement