ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ 'ਹਰਾ' ਨਗਰ ਕੀਰਤਨ ਸੈਫਲਾਬਾਦ ਤੋਂ ਆਰੰਭ
ਨਗਰ ਕੀਰਤਨ ਦੌਰਾਨ 3500 ਬੂਟਿਆਂ ਦਾ ਵੰਡਿਆ ਜਾ ਰਿਹਾ ਪ੍ਰਸ਼ਾਦ; ਸੰਤ ਸੀਚੇਵਾਲ ਨੇ ਅਰਦਾਸ ਦੌਰਾਨ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਨਿਸ਼ਨੇ ਤੇ ਲਿਆ
Advertisement
ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਗੁਰਦੁਆਰਾ ਗੂਰੁ ਸਰ ਸਾਹਿਬ ਸਫੈਲਾਬਾਦ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਵਿੱਤਰ ਵੇਂਈ ਤੇ ਜਾ ਕੇ ਸੰਪਨ ਹੋਵੇਗਾ ਅਤੇ 16 ਨਵੰਬਰ ਤੱਕ 6 ਨਗਰ ਕੀਰਤਨਾਂ ਦਾ ਅਯੋਜਨ ਕੀਤਾ ਜਾਵੇਗਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਿਆ ਕਿਹਾ ਕਿ ਵਿਗੜ ਰਹੇ ਪੰਜਾਬ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਅਫਸਰਾਂ ਨੂੰ ਸੁਮੱਤ ਬਖਸ਼ਣ।
ਉਨ੍ਹਾਂ ਸੰਗਤ ਨੂੰ ਬੂਟਿਆਂ ਦਾ ਪ੍ਰਸਾਦ ਵੰਡਦਿਆਂ ਇੰਨ੍ਹਾਂ ਨਗਰ ਕੀਰਤਨਾਂ ਨੂੰ ਹਰੇ ਨਗਰ ਕੀਰਤਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ। ਇਸ ਨਗਰ ਕੀਰਤਨ ਦੌਰਾਨ 3500 ਬੂਟੇ ਵੰਡੇ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਪਹਿਲਾ ਨਗਰ ਕੀਰਤਨ ਹੈ। ਦੂਜਾ ਨਗਰ ਕੀਰਤਨ ਪਿੰਡ ਆਹਲੀ ਕਲਾਂ ਤੋਂ 30 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਪਹੁੰਚੇਗਾ। ਤੀਜਾ ਨਗਰ ਕੀਰਤਨ 2 ਨਵੰਬਰ ਨੂੰ ਸੀਚੇਵਾਲ ਤੋਂ ਚੱਲੇਗਾ। ਚੌਥਾ ਨਗਰ ਕੀਰਤਨ 5 ਨਵੰਬਰ ਨੂੰ ਸ੍ਰੀ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਹੀ ਕੱਢਿਆ ਜਾਵੇਗਾ। ਪੰਜਵਾਂ ਨਗਰ ਕੀਰਤਨ ਪਵਿੱਤਰ ਵੇਂਈ ਦੇ ਮੁੱਢ ਸਰੋਤ ਪਿੰਡ ਧਨੋਆ ਤੋਂ ਸ਼ੁਰੂ ਹੋਵੇਗਾ ਅਤੇ ਛੇਵਾਂ ਅਤੇ ਆਖਰੀ ਨਗਰ ਕੀਰਤਨ ਲੁਧਿਆਣੇ ਦੇ ਪਿੰਡ ਭੂਖੜੀ ਖੁਰਦ ਤੋਂ ਬੁੱਢੇ ਦਰਿਆ ਕਿਨਾਰੇ ਤੋਂ ਸ਼ੁਰੂ ਹੋਵੇਗਾ।
ਸੰਤ ਸੀਚੇਵਾਲ ਨੇ ਕਿਹਾ ਕਿ ਇਹ ਨਗਰ ਕੀਰਤਨ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਪ੍ਰਤੀ ਸੂਬੇ ਦੇ ਲੋਕਾਂ ਦਾ ਧਿਆਨ ਖਿੱਚੇਗਾ।
Advertisement
