ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਪ ਆਗੂ ਦੀ ਰਿਹਾਇਸ਼ ’ਤੇ ਗੋਲੀਬਾਰੀ, 5 ਕਰੋੜ ਮੰਗੇ

ਘਰ ਅੰਦਰ ਸੁੱਟੇ ਗਏ ਚਾਰ ਪੰਨਿਆਂ 'ਤੇ ਲਿਖਿਆ ਸੀ 'ਕਾਲਾ ਰਾਣਾ ਗਰੁੱਪ – 5 ਕਰੋੜ'
Advertisement

ਇੱਥੋਂ ਦੇ ਨਜ਼ਦੀਕੀ ਪਿੰਡ ਦਰਵੇਸ਼ ਵਿੱਚ ਵੱਡੇ ਤੜਕੇ ਆਪ ਆਗੂ ਦਲਜੀਤ ਰਾਜੂ ਦੀ ਰਿਹਾਇਸ਼ 'ਤੇ ਦੋ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਹਮਲਾਵਰਾਂ ਨੇ ਅੰਦਾਜ਼ਨ 23-24 ਰਾਊਂਡ ਫਾਇਰ ਕੀਤੇ। ਆਪ ਆਗੂ ਰਾਜੂ ਨੇ ਦੱਸਿਆ ਕਿ ਗੋਲੀਬਾਰੀ ਹੋਣ ਸਮੇਂ ਉਹ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਧੀ ਪਹਿਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ। ਇਸ ਘਟਨਾ ਦੌਰਾਨ ਪਰਿਵਾਰ ਵਾਲ ਵਾਲ ਬਚ ਗਿਆ।

Advertisement

ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਨਕਾਬਪੋਸ਼ ਵਿਅਕਤੀਆਂ ਨੂੰ ਨੇੜੇ ਤੋਂ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਉਂਦੇ ਦੇਖਿਆ ਅਤੇ ਉਹ ਹਨੇਰੇ ਦਾ ਫਾਇਦਾ ਚੁੱਕਦਿਆਂ ਫਰਾਰ ਹੋ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਨੂੰ ਨਕਾਬ ਪਾ ਕੇ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਗਿਆ ਹੈ। ਉਨ੍ਹਾਂ ਨੇ ਵਾਹਨ ਨੂੰ ਪਿੰਡ ਦੇ ਮੁੱਖ ਗੇਟ ਨੇੜੇ ਖੜ੍ਹਾ ਕੀਤਾ ਅਤੇ ਪੈਦਲ ਘਰ ਤੱਕ ਪਹੁੰਚੇ। ਕੈਮਰੇ ਵਿੱਚ ਉਨ੍ਹਾਂ ਵਿੱਚੋਂ ਇੱਕ ਨੂੰ ਕੰਪਾਊਂਡ ਦੇ ਅੰਦਰ ਇੱਕ ਚਾਰ ਪੰਨਿਆਂ ਦਾ ਨੋਟ ਸੁੱਟਦੇ ਹੋਏ ਕੈਦ ਕੀਤਾ ਗਿਆ। ਕਾਗਜ਼ਾਂ ’ਤੇ ਕਥਿਤ ਤੌਰ 'ਤੇ ਕਾਲਾ ਰਾਣਾ ਗਰੁੱਪ ਵੱਲੋਂ 5 ਕਰੋੜ ਰੁਪਏ ਦੀ ਮੰਗ ਦਾ ਧਮਕੀ ਭਰਿਆ ਸੁਨੇਹਾ ਲਿਖਿਆ ਸੀ।

ਰਾਜੂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਹਮਲਾ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਅਪਰਾਧਿਕ ਅਨਸਰਾਂ ਵੱਲੋਂ ਕੀਤਾ ਗਿਆ ਹੈ। ਮੌਕੇ ਤੋਂ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ।

ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਤੜਕਸਾਰ ਫਗਵਾੜਾ ਐੱਸਪੀ ਮਾਧਵੀ ਸ਼ਰਮਾ ਅਤੇ ਡੀਐੱਸਪੀ ਭਰਤ ਭੂਸ਼ਣ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਸਮੇਤ ਸੀਨੀਅਰ ਆਗੂਆਂ ਨੇ ਮੌਕੇ ਦਾ ਦੌਰਾ ਕੀਤਾ।

ਇਸ ਸਬੰਧੀ ਪੁਲੀਸ ਥਾਣਾ ਸਤਨਾਮਪੁਰਾ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਐੱਸਪੀ ਮਾਧਵੀ ਸ਼ਰਮਾ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋ ਅਣਪਛਾਤੇ ਹਮਲਾਵਰਾਂ ਵੱਲੋਂ 23-24 ਫਾਇਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਸ਼ੱਕੀਆਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਖੇਤਰਾਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ, ਜਦੋਂ ਕਿ ਫਿਰੌਤੀ, ਗੈਂਗ ਗਤੀਵਿਧੀ ਅਤੇ ਨਿਸ਼ਾਨਾ ਬਣਾ ਕੇ ਡਰਾਉਣ-ਧਮਕਾਉਣ ਸਮੇਤ ਕਈ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਘਟਨਾ ਨੂੰ ਪੰਜਾਬ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਕਰਾਰ ਦਿੱਤਾ ਹੈ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਦੋਸ਼ ਲਾਇਆ ਕਿ ਆਪ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਧ ਗਈਆਂ ਹਨ।

Advertisement
Show comments