CPI ਵੱਲੋਂ ਕਮਿਊਨਿਸਟ ਪਾਰਟੀ ਮਾਓਵਾਦੀ ਦੇ ਸਕੱਤਰ ਸਮੇਤ ਕੇਂਦਰੀ ਕਮੇਟੀ ਮੈਂਬਰਾਂ ਨੂੰ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਮਾਰਨ ਦੀ ਨਿਖੇਧੀ !
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਛੱਤੀਸਗੜ੍ਹ, ਆਂਧਰਾ ਸਰਹੱਦ ਉੱਪਰ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸਕੱਤਰ ਤ੍ਰਿਪਤੀ (ਦੇਵ ਜੀ) ਸਮੇਤ ਕੇਂਦਰੀ ਕਮੇਟੀ ਮੈਂਬਰਾਂ ਨੂੰ ਪੁਲੀਸ ਮੁਕਾਬਲਿਆਂ ਦੇ ਨਾਂ ਥੱਲੇ ਮਾਰਨ ਦੀ ਨਿਖੇਧੀ ਕਰਦਿਆਂ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਭਾਜਪਾ-ਸੰਘ ਸਰਕਾਰ ਦੀ ਨਕਸਲੀਆਂ ਨੂੰ ਮਾਰ ਮੁਕਾਉਣ ਦੀ ਨੀਤੀ ਕਾਨੂੰਨ ਦੇ ਰਾਜ ਅਤੇ ਦੁਨੀਆਂ ਦੀ ਵੱਡੀ ਜਮਹੂਰੀਅਤ ਹੋਣ ਦੇ ਦਾਅਵੇ ਦੇ ਝੂਠ ਨੂੰ ਬੇਪਰਦ ਕਰਦੀ ਹੈ। ਵਰਦੀਧਾਰੀ ਦਹਿਸ਼ਤ ਕਿੰਨੀ ਖਤਰਨਾਕ ਹੋ ਸਕਦੀ ਹੈ ਅਤੇ ਇਸਦੇ ਸਿੱਟੇ ਕਿੰਨੇ ਭਿਆਨਕ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮਾਓਵਾਦੀਆਂ ਅਤੇ ਆਦਿਵਾਸੀਆਂ ਉੱਪਰ ਢਾਹਿਆ ਜਾ ਰਿਹਾ ਜ਼ੁਲਮ ਇਸਦਾ ਪ੍ਰਤੱਖ ਪ੍ਰਮਾਣ ਹੈ। ਭਾਜਪਾ-ਸੰਘ ਦੀ ਸਰਕਾਰ ਵਿੱਚ ਪੱਤਰਕਾਰਾਂ, ਲੇਖਕਾਂ, ਸਿਆਸੀ ਕਾਰਕੁੰਨਾਂ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਸਿਆਸੀ ਕਾਰਕੁੰਨਾਂ ਦੀ ਜ਼ੁਬਾਨਬੰਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਲਾਂਬੱਧੀ ਬਿਨਾਂ ਮੁਕੱਦਮਾਂ ਚਲਾਇਆਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ, ਮੁਕੱਦਮਾ ਚਲਾਉਣ ਦੀ ਧੀਮੀ ਗਤੀ ਨਾਕਸ ਕਾਨੂੰਨ ਪ੍ਰਬੰਧ ਦੀ ਪੋਲ ਖੋਲ੍ਹਦੀ ਹੈ।
ਪਾਰਟੀ ਨੇ ਮੰਗ ਕੀਤੀ ਹੈ ਕਿ ਝੂਠੇ ਪੁਲੀਸ ਮੁਕਾਬਲੇ ਬੰਦ ਕੀਤੇ ਜਾਣ। ਹਿਰਾਸਤ ’ਚ ਰੱਖੇ ਮਾਓਵਾਦੀਆਂ, ਆਦਿਵਾਸੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ। ਬਿਨਾਂ ਮੁਕੱਦਮਾ ਚਲਾਇਆਂ ਸਿਆਸੀ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ।
ਪਾਰਟੀ ਨੇ ਇਹਨਾਂ ਮੰਗਾਂ ਨੂੰ ਉਠਾਉਣ ਲਈ 21-22 ਨਵੰਬਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨਾਂ ’ਚ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਪਾਰਟੀ ਸਾਰੇ ਲੋਕ ਪੱਖੀ, ਜਮਹੂਰੀਅਤ ਅਤੇ ਇਨਸਾਫਪਸੰਦ ਲੋਕਾਂ ਨੂੰ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੀ ਹੈ।
