ਕਾਂਗਰਸ ਵੱਲੋਂ ਜਲੰਧਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਕਰਾਰ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਜਲੰਧਰ ਉੱਤਰੀ ਹਲਕੇ ਤੋਂ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ, ਜਲੰਧਰ ਪੱਛਮੀ ਹਲਕੇ ਤੋਂ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ। ਜਲੰਧਰ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ ਵਿੱਚ ਸੀਵਰੇਜ ਜਾਮ ਪਏ ਹਨ, ਪੀਣ ਵਾਲਾ ਪਾਣੀ ਗੰਦਾ ਸਪਲਾਈ ਹੋ ਰਿਹਾ ਹੈ, ਕੂੜੇ ਦੇ ਢੇਰ ਥਾਂ-ਥਾਂ ਲੱਗੇ ਹੋਏ ਹਨ, ਸ਼ਹਿਰ ਵਿੱਚ ਲਾਵਾਰਿਸ ਕੁੱਤਿਆਂ ਦੀ ਭਰਮਾਰ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਨਿਗਮ ਨੇ ਨਾ ਸੜਕਾਂ ਅਤੇ ਨਾ ਹੀ ਮੁਹੱਲਿਆਂ ਵਾਲੀਆਂ ਗਲੀਆਂ ਦੀ ਸਫ਼ਾਈ ਕਰਵਾਈ ਅਤੇ ਨਾ ਹੀ ਕੌਂਸਲਰਾਂ ਨੂੰ ਹਾਲੇ ਤੱਕ 25-25 ਲਾਈਟਾਂ ਮਿਲੀਆਂ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਸਾਰਾ ਨਗਰ ਨਿਗਮ ਪ੍ਰਸ਼ਾਸਨ ਅਤੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ। ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਜੋ ਵੀ ਸ਼ਹਿਰ ਵਿਚ ਵਿਕਾਸ ਅਤੇ ਸਾਫ਼-ਸਫ਼ਾਈ ਦੇ ਦਾਅਵੇ ਕਰ ਰਹੇ ਹਨ ਸਭ ਦਾਅਵੇ ਖੋਖਲੇ ਹਨ। ਕਾਂਗਰਸੀ ਆਗੂਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਾਂਗਰਸੀ ਕੌਂਸਲਰਾਂ ਦੇ ਕੰਮ ਨਾ ਕੀਤੇ ਤਾਂ ਇਨ੍ਹਾਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਪਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰਮੀਤ ਸਿੰਘ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਰਣਦੀਪ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ, ਐਡਵੋਕੇਟ ਰਜਿੰਦਰ ਚੌਹਾਨ ਚੇਅਰਮੈਨ ਐਸ ਸੀ ਸੈੱਲ, ਨਰੇਸ਼ ਵਰਮਾ ਚੇਅਰਮੈਨ ਬੀ ਸੀ ਸੈੱਲ, ਗੁਰਜੀਤ ਕਾਹਲੋਂ ਚੇਅਰਮੈਨ ਲੀਗਲ ਸੈਲ, ਮਨਮੋਹਨ ਬਿੱਲਾ ਚੇਅਰਮੈਨ ਸਪੋਰਟਸ ਸੈੱਲ, ਸੈਣੀ, ਹਰਮੀਤ ਸਿੰਘ ਸੱਬਾ, ਨੀਰਜ ਜੱਸਲ, ਅਨਮੋਲ ਕਾਲੀਆ ਅਤੇ ਸਤਪਾਲ ਮਿੱਕਾ ਹਾਜ਼ਰ ਸਨ।