ਹੜ੍ਹਾਂ ਨਾਲੋਂ ਵੱਡਾ ਕਿਸਾਨ ਦਾ ਦਿਲ: ਪਰਮਜੀਤ ਸਿੰਘ ਨੇ ਘਰੋਂ ਬੇਘਰ ਹੋਏ ਲੋਕਾਂ ਲਈ ਆਪਣੇ ਦਰ ਖੋਲ੍ਹੇ
ਹੜ੍ਹ ਪ੍ਰਭਾਵਿਤ ਕਪੂਰਥਲਾ ਵਿਚ ਜਿੱਥੇ ਪਾਣੀ ਨੇ ਘਰਾਂ, ਉਮੀਦਾਂ ਅਤੇ ਫ਼ਸਲਾਂ ਨੂੰ ਨਿਗਲ ਲਿਆ, ਉਥੇ ਇੱਕ ਆਦਮੀ ਬਹੁਤਿਆਂ ਲਈ ਜੀਵਨ ਰੇਖਾ ਬਣ ਗਿਆ ਹੈ। ਸੁਲਤਾਨਪੁਰ ਲੋਧੀ ਦੇ ਬਾਊਪੁਰ ਪਿੰਡ ਦੇ ਇੱਕ ਕਿਸਾਨ ਪਰਮਜੀਤ ਸਿੰਘ ਨੇ ਆਪਣੇ ਘਰ ਨੂੰ ਉਨ੍ਹਾਂ ਲੋਕਾਂ ਲਈ ਆਸਰਾ ਬਣਾ ਦਿੱਤਾ ਹੈ ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ।
ਜਦੋਂ ‘ਦਿ ਟ੍ਰਿਬਿਊਨ’ ਦੇ ਪੱਤਰਕਾਰ ਨੇ ਪਰਮਜੀਤ ਸਿੰਘ ਦੇ ਘਰ ਦਾ ਦੌਰਾ ਕੀਤਾ ਤਾਂ ਤਰਾਸਦੀ ਤੇ ਦੁੱਖ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਸੀ। ਘਰ ਦੇ ਬੂਹੇ ਉੱਤੇ ਰੋਜ਼ਮਰ੍ਹਾਂ ਦੀਆਂ ਚੀਜ਼ਾਂ ਰੱਖੀਆਂ ਸਨ ਜੋ ਨਿਰਾਸ਼ਾ ਤੇ ਜ਼ਿੰਦਗੀ ਬਚਾਉਣ ਦੀਆਂ ਕਹਾਣੀਆਂ ਸਮੇਟੇ ਹੋਏ ਸੀ। ਟੇਬਲ ਪੱਖੇ, ਆਟੇ ਦੇ ਡੱਬੇ, ਟੈਲੀਵਿਜ਼ਨ ਸੈੱਟ, ਸਟੀਲ ਦੀਆਂ ਅਲਮਾਰੀਆਂ, ਕੂਲਰ, ਇਹ ਸਾਰਾ ਸਮਾਨ ਪਰਿਵਾਰਾਂ ਨੇ ਹੜ੍ਹਾਂ ਦੇ ਵਧਦੇ ਪਾਣੀ ਤੋਂ ਬਚਣ ਲਈ ਕਾਹਲੀ ਵਿਚ ਇਕੱਠੇ ਕੀਤੇ ਸਨ। ਉਨ੍ਹਾਂ ਦੇ ਵਿਹੜੇ ਅੰਦਰ ਬਜ਼ੁਰਗ ਅਤੇ ਔਰਤਾਂ ਚਾਹ ਪੀ ਰਹੇ ਸਨ। ਇਕ ਔਰਤ ਨੇ ਅੱਖਾਂ ਭਰਦਿਆਂ ਕਿਹਾ, ‘‘ਹੁਣ ਲਈ ਸਾਡੇ ਕੋਲ ਬੱਸ ਇਹੀ ਹੈ। ਪਰ ਅਸੀਂ ਇੱਥੇ ਹਾਂ, ਜ਼ਿੰਦਾ ਹਾਂ। ਪਰਮਜੀਤ ਦਾ ਧੰਨਵਾਦ।’’
ਜਦੋਂ ਹੜ੍ਹ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ, ਤਾਂ ਇਹ ਪਰਮਜੀਤ ਸੀ ਜਿਸ ਨੇ ਸਭ ਤੋਂ ਪਹਿਲਾਂ ਬਚਾਅ ਮੁਹਿੰਮ ਚਲਾਈ। ਪਰਮਜੀਤ ਨੇ ਕਿਹਾ, ‘‘ਮੈਂ ਕਿਸੇ ਦੀ ਉਡੀਕ ਨਹੀਂ ਕੀਤੀ, ਅਤੇ ਕਿਸ਼ਤੀਆਂ ’ਤੇ ਲੋਕਾਂ ਨੂੰ ਬਚਾਇਆ। ਅੱਜ ਇਹ ਲੋਹਾ ਲੱਗ ਰਹੀ ਹੈ, ਪਰ ਜਦੋਂ ਪਾਣੀ ਆਇਆ ਤਾਂ ਇਹੀ ਬੀਐੱਮਡਬਲਿਊ ਤੋਂ ਵੱਧ ਕੀਮਤ ਸਨ।’’
ਉਸ ਦੇ ਇਹ ਬੋਲ ਕਿ ‘ਜਦੋਂ ਆਫ਼ਤ ਆਉਂਦੀ ਹੈ, ਤਾਂ ਇਹ ਲਗਜ਼ਰੀ ਨਹੀਂ, ਸਗੋਂ ਮਨੁੱਖਤਾ ਹੈ ਜੋ ਮਾਇਨੇ ਰੱਖਦੀ ਹੈ’’ ਇੱਕ ਕੌੜੀ ਸੱਚਾਈ ਨੂੰ ਬਿਆਨਦੀ ਹੈ। ਪਰਮਜੀਤ ਦੇ ਘਰ ਪਨਾਹ ਲੈਣ ਵਾਲੇ ਤਿੰਨ ਬੱਚਿਆਂ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ, ‘‘ਸਾਡੇ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਾਡੇ ਘਰਾਂ ਦੀਆਂ ਕੰਧਾਂ ਢਹਿ ਗਈਆਂ। ਉਹ(ਪਰਮਜੀਤ) ਇੱਕ ਕਿਸ਼ਤੀ ਵਿੱਚ ਆਇਆ ਅਤੇ ਮੈਨੂੰ, ਮੇਰੇ ਬੱਚੇ ਅਤੇ ਸਮਾਨ ਨੂੰ ਬਾਹਰ ਕੱਢਿਆ।’’ ਹਾਲਾਂਕਿ ਪਰਮਜੀਤ ਨੇ ਬੜੀ ਸਾਦਗੀ ਨਾਲ ਕਿਹਾ, ‘‘ਮੈਂ ਉਹੀ ਕੀਤਾ ਜੋ ਕਿਸੇ ਵੀ ਮਨੁੱਖ ਨੂੰ ਕਰਨਾ ਚਾਹੀਦਾ ਹੈ।,’’