ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ 80 ਸਾਲਾ ਬਿਰਧ ਮਹਿਲਾ ਦੀ ਬੱਸ ’ਚੋਂ ਡਿੱਗਣ ਕਰਕੇ ਮੌਤ
ਸੁਲਤਾਨਪੁਰ ਲੋਧੀ ਦੇ ਡਡਵਿੰਡੀ ਅੱਡੇ ’ਤੇ ਬੱਸ ਵਿਚ ਚੜ੍ਹਦਿਆਂ ਡਿੱਗਣ ਨਾਲ 80 ਸਾਲਾ ਬਿਰਧ ਔਰਤ ਦੀ ਮੌਤ ਹੋ ਗਈ। ਪੀੜਤਾ, ਜਿਸ ਦੀ ਪਛਾਣ ਕ੍ਰਿਸ਼ਨਾ ਕੌਰ ਪਤਨੀ ਸਵਰਨ ਸਿੰਘ ਵਜੋਂ ਹੋਈ ਹੈ, ਮੋਠਾਂਵਾਲ ਪਿੰਡ ਦੀ ਰਹਿਣ ਵਾਲੀ ਹੈ। ਉਹ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਫਿਸਲ ਗਈ। ਉਹ ਜ਼ਮੀਨ ’ਤੇ ਡਿੱਗ ਪਈ ਅਤੇ ਬੱਸ ਦਾ ਇੱਕ ਟਾਇਰ ਉਸ ਦੀ ਲੱਤ ਉੱਤੋਂ ਲੰਘ ਗਿਆ, ਜਿਸ ਨਾਲ ਹੱਡੀ ਟੁੱਟ ਗਈ।
ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਬੱਸ ਡਰਾਈਵਰ ਅਤੇ ਕੰਡਕਟਰ ਦੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕ੍ਰਿਸ਼ਨਾ ਕੌਰ ਘਟਨਾ ਤੋਂ ਪਹਿਲਾਂ ਚੰਗੀ ਸਿਹਤ ਵਿੱਚ ਸੀ। ਉਨ੍ਹਾਂ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸੁਲਤਾਨਪੁਰ ਲੋਧੀ ਦੀ ਐੱਸਐੱਚਓ ਸੋਨਮਦੀਪ ਕੌਰ ਨੇ ਕਿਹਾ ਕਿ ਪੀੜਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾਣਗੇ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕ੍ਰਿਸ਼ਨਾ ਕੌਰ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਕਪੂਰਥਲਾ ਜ਼ਿਲ੍ਹੇ ਦੇ ਬੂਟਾਨ ਪਿੰਡ ਜਾ ਰਹੀ ਸੀ।