ਧਾਰਮਿਕ ਸੰਸਥਾ ਚਲਾ ਰਹੇ ਨੌਜਵਾਨਾਂ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼
ਸ਼ਹਿਰ ਵਿੱਚ ਇੱਕ ਧਾਰਮਿਕ ਸੰਸਥਾ ਚਲਾ ਰਹੇ ਕੁਝ ਨੌਜਵਾਨਾਂ ’ਤੇ ਅੱਠ ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੀੜਤ ਪਰਿਵਾਰਾਂ ਵੱਲੋਂ ਡੀ ਐੱਸ ਪੀ ਦਫ਼ਤਰ ਵਿੱਚ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਮਗਰੋਂ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੰਗਠਨ ਚਲਾਉਣ ਵਾਲੇ ਨੌਜਵਾਨਾਂ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੇ ਬੱਚਿਆਂ ਦੀ ਉਮਰ ਸੱਤ ਤੋਂ 17 ਸਾਲ ਤੱਕ ਹੈ। ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹਨ। ਦੋਸ਼ੀਆਂ ਨੇ ਧਾਰਮਿਕ ਸੰਸਥਾ ਲਈ ਇੱਕ ਇਮਾਰਤ ਬਣਾਈ ਹੈ, ਜਿੱਥੇ ਉਹ ਛੋਟੇ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ 14 ਸਾਲ ਦੇ ਲੜਕੇ ਨੇ ਆਪਣੀ ਮਾਂ ਨੂੰ ਗੱਤਕਾ ਸਿੱਖਣ ਤੋਂ ਇਨਕਾਰ ਕਰ ਦਿੱਤਾ। ਜਦੋਂ ਮਾਂ ਨੇ ਪੁੱਛਿਆ ਤਾਂ ਬੱਚੇ ਨੇ ਉਸ ਨੂੰ ਦੱਸਿਆ ਕਿ ਸੰਗਠਨ ਚਲਾਉਣ ਵਾਲੇ ਨੌਜਵਾਨ ਗੱਤਕਾ ਸਿਖਾਉਣ ਦੀ ਆੜ ਵਿੱਚ ਉਸ ਸਮੇਤ ਸਾਰੇ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਦੇ ਹਨ। ਇਸ ਮਗਰੋਂ ਹੋਰ ਬੱਚਿਆਂ ਨੇ ਵੀ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਨ੍ਹਾਂ ਨਾਲ ਸ਼ੋਸ਼ਣ ਕੀਤਾ ਗਿਆ, ਇਹ ਦਾਅਵਾ ਕਰਦੇ ਹੋਏ ਕਿ ਇਹ ਸਿਖਲਾਈ ਦਾ ਹਿੱਸਾ ਸੀ। ਪੂਰਾ ਮਾਮਲਾ ਸਾਹਮਣੇ ਆਉਣ ਮਗਰੋਂ ਮਾਪਿਆਂ ਨੇ ਸੰਸਥਾ ਮੁਖੀ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਬੱਚਿਆਂ ਨੂੰ ਬੁਲਾਇਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਨੇ ਮਾਪਿਆਂ ਨੂੰ ਇਸ ਸਬੰਧੀ ਸ਼ਿਕਾਇਤ ਨਾ ਦੇਣ ਦੀ ਧਮਕੀ ਦਿੱਤੀ। ਨਿਡਰ ਮਾਪਿਆਂ ਨੇ ਪੁਲੀਸ ਸ਼ਿਕਾਇਤ ਦਰਜ ਕਰਵਾਈ।