ਮੰਗੋਲੀ ਜਾਟਾਨ ਸਕੂਲ ਵਿੱਚ ਯੁਵਾ ਸੰਸਦ ਲਾਈ
ਪ੍ਰਧਾਨ ਮੰਤਰੀ ਸ੍ਰੀ ਸੀਨੀਅਰ ਸਰਕਾਰੀ ਸੈਕੰਡਰੀ ਸਕੂਲ ਮੰਗੋਲੀ ਜਾਟਾਨ ਵਿਚ ਬੁਲਾਰੇ ਜਸਬੀਰ ਸਿੰਘ ਦੀ ਅਗਵਾਈ ਹੇਠ ਯੁਵਾ ਸੰਸਦ ਪ੍ਰੋਗਰਾਮ ਕਰਵਾਇਆ ਗਿਆ। ਇਸ ਯੁਵਾ ਸੰਸਦ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸੰਸਦ ਦੀ ਕਾਰਜ ਪ੍ਰਣਾਲੀ ਨਾਲ ਜਾਣੂੰ ਕਰਾਇਆ ਗਿਆ। ਬੱਚਿਆਂ ਨੇ ਲੋਕ ਸਭਾ ਸਪੀਕਰ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕਿਰਤ ਮੰਤਰੀ, ਸਿੱਖਿਆ ਮੰਤਰੀ ,ਖੇਤੀ ਮੰਤਰੀ, ਪੱਤਰਕਾਰ ਤੇ ਪੁਲੀਸ ਦੀ ਭੂਮਿਕਾ ਨਿਭਾ ਕੇ ਸਕੂਲ ਵਿੱਚ ਸੰਸਦ ਦਾ ਪੂਰਾ ਮਾਹੌਲ ਸਿਰਜਿਆ। ਇਸ ਯੁਵਾ ਸੰਸਦ ਵਿੱਚ ਬੱਚਿਆਂ ਨੇ ਕੌਮੀ ਹਿੱਤ ਦੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਤੇ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦਿੱਤੇ। ਯੁਵਾ ਸੰਸਦ ਤੋਂ ਪਹਿਲਾਂ ਆਪ੍ਰੇਸ਼ਨ ਸਿੰਧੂਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਲੋਕਤੰਤਰ ਨੂੰ ਮਜ਼ਬੂਤ ਕਰਨ, ਬੱਚਿਆਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਕਰਨ ਤੇ ਦੇਸ਼ ਦੀ ਸੰਸਦ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਵੱਲ ਮਹੱਤਵਪੂਰਨ ਯਤਨ ਹੈ। ਉਨਾਂ ਕਿਹਾ ਕਿ ਅਜਿਹੇ ਮੁਕਾਬਲੇ ਇਸ ਲਈ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਹੀ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਅਧਿਆਪਕ ਸਿਖਲਾਈ ਕੇਂਦਰ ਤੋਂ ਬੁਲਾਰੇ ਡਾ. ਅਨਿਲ ਕੁਮਾਰ, ਡਾ. ਜੈ ਸਿੰਘ, ਪ੍ਰਹਿਲਾਦਪੁਰ ਤੋਂ ਬੁਲਾਰੇ ਸੱਤਿਆ ਪ੍ਰਕਾਸ਼, ਮਾਂਗੇ ਰਾਮ, ਲਖਵਿੰਦਰ ਸਿੰਘ, ਅਵਸ਼ੀਸ਼ ਸ਼ਰਮਾ, ਮਨਪ੍ਰੀਤ ਕੌਰ, ਰਿੰਪੀ ਸੈਣੀ, ਜਸਬੀਰ ਸੈਣੀ ਮੌਜੂਦ ਸਨ।