ਨੌਜਵਾਨ ਅਸਲੇ ਸਣੇ ਕਾਬੂ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 21 ਜੁਲਾਈ
ਸੀਆਈ ਸਟਾਫ ਖਰੜ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਪਿਸਤੌਲ ਸਣੇ ਨਾਲ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬੌਬੀ ਵਾਸੀ ਪ੍ਰੀਤ ਕਲੋਨੀ ਵਜੋਂ ਹੋਈ ਹੈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਕਿਸੇ ਗੈਂਗ ਨਾਲ ਕੰਮ ਕਰਦਾ ਹੈ ਤੇ ਅਸਲੇ ਸਣੇ ਜ਼ੀਰਕਪੁਰ ਖੇਤਰ ਵਿੱਚ ਘੁੰਮ ਰਿਹਾ ਹੈ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਪ੍ਰੀਤ ਕਲੋਨੀ ਤੋਂ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮੁਲਜ਼ਮ ਤੋਂ ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨ ਬਰਾਮਦ ਹੋਏ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਦੁਕਾਨਦਾਰ ਸ਼ਰਾਬ ਸਣੇ ਕਾਬੂ
ਪੱਤਰ ਪ੍ਰੇਰਕ
ਪੰਚਕੂਲਾ, 21 ਜੁਲਾਈ
ਪੰਚਕੂਲਾ ਦੇ ਬਲਾਕ ਰਾਏਪੁਰਰਾਣੀ ਦੀ ਪੁਲੀਸ ਟੀਮ ਨੇ ਪਿੰਡ ਗੜ੍ਹੀ ਕੋਟਾਹਾ ਵਿੱਚ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਰਾਏਪੁਰਰਾਣੀ ਥਾਣਾ ਇੰਚਾਰਜ ਸੁਖਬੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਮੇਸ਼ ਚੰਦ ਪਿੰਡ ਗੜ੍ਹੀ ਕੋਟਾਹਾ ਵਿੱਚ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ ਤੇ ਨਾਜਾਇਜ਼ ਸ਼ਰਾਬ ਵੇਚਦਾ ਹੈ। ਪੁਲੀਸ ਨੇ ਜਦੋਂ ਦੁਕਾਨ ’ਤੇ ਛਾਪਾ ਮਾਰਿਆ ਤਾਂ ਦੁਕਾਨ ਦੇ ਪਿੱਛੇ ਇੱਕ ਕਮਰੇ ਵਿੱਚੋਂ 18 ਬੋਤਲਾਂ ਸ਼ਰਾਬ ਬਰਾਮਦ ਹੋਈ।