45 ਸਾਲਾਂ ਬਾਅਦ ਯਾਦਦਾਸ਼ਤ ਵਾਪਸ ਆਉਣ ਤੇ ਘਰ ਪਰਤਿਆ ਵਿਅਕਤੀ
ਇੱਕ ਫੀਲਮੀ ਕਹਾਣੀ ਵਾਂਗ ਹਿਮਾਚਲ ਪ੍ਰਦੇਸ਼ ਦਾ ਇੱਕ ਵਿਅਕਤੀ ਜੋ 1980 ਤੋਂ ਲਾਪਤਾ ਸੀ, ਹਾਲ ਹੀ ਵਿੱਚ ਸਿਰ ’ਤੇ ਸੱਟ ਲੱਗਣ ਕਾਰਨ ਗੁਆਚੀ ਹੋਈ ਯਾਦਦਾਸ਼ਤ ਵਾਪਸ ਆਉਣ ਉਪਰੰਤ ਆਪਣੇ ਘਰ ਪਹੁੰਚ ਗਿਆ। ਰਿਖੀ ਰਾਮ, ਜੋ ਹੁਣ ਰਵੀ ਚੌਧਰੀ ਵਜੋਂ ਜਾਣਿਆ ਜਾਂਦਾ ਹੈ, 15 ਨਵੰਬਰ ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਹਿਮਾਚਲ ਪ੍ਰਦੇਸ਼ ਦੇ ਨਾਦੀ ਪਿੰਡ ਵਾਪਸ ਪਰਤਿਆ।
ਸੋਲ੍ਹਾਂ ਸਾਲਾਂ ਦਾ ਰਿਖੀ 1980 ਵਿੱਚ ਕੰਮ ਦੀ ਭਾਲ ਵਿੱਚ ਆਪਣੇ ਪਿੰਡੋਂ ਨਿਕਲਿਆ ਸੀ। ਆਖਰਕਾਰ, ਉਸ ਨੂੰ ਯਮੁਨਾਨਗਰ ਦੇ ਇੱਕ ਹੋਟਲ ਵਿੱਚ ਨੌਕਰੀ ਮਿਲ ਗਈ। ਅੰਬਾਲਾ ਦੀ ਯਾਤਰਾ ਦੌਰਾਨ ਇੱਕ ਸੜਕ ਹਾਦਸੇ ਵਿੱਚ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਹ ਲਾਪਤਾ ਹੋ ਗਿਆ। ਸੱਟ ਨੇ ਉਸ ਦੇ ਅਤੀਤ ਦਾ ਹਰ ਨਿਸ਼ਾਨ ਅਤੇ ਇੱਥੋਂ ਤੱਕ ਕਿ ਉਸਦਾ ਆਪਣਾ ਨਾਮ ਵੀ ਮਿਟਾ ਦਿੱਤਾ। ਹਰਿਆਣਾ ਵਿੱਚ ਉਸ ਦੇ ਸਾਥੀਆਂ ਨੇ ਉਸਦਾ ਨਾਮ ਰਵੀ ਚੌਧਰੀ ਰੱਖਿਆ, ਇੱਕ ਨਾਮ ਜੋ ਜਲਦੀ ਹੀ ਉਸ ਦੀ ਨਵੀਂ ਪਛਾਣ ਬਣ ਗਿਆ। ਘਰ ਦਾ ਰਾਹ ਦੱਸਣ ਲਈ ਕੋਈ ਯਾਦ ਨਾ ਹੋਣ ਕਾਰਨ, ਉਸ ਨੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ।
ਮੁੁੰਬਈ ਦੇ ਦਾਦਰ ਜਾ ਕੇ ਸ਼ੁਰੂ ਕੀਤਾ ਨਵਾਂ ਜੀਵਨ
ਕੁੱਝ ਸਮੇਂ ਬਾਅਦ ਉਹ ਮੁੰਬਈ ਦੇ ਦਾਦਰ ਚਲਾ ਗਿਆ, ਜਿੱਥੇ ਉਸ ਨੇ ਗੁਜ਼ਾਰਾ ਕਰਨ ਲਈ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਅਖੀਰ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਵਸ ਗਿਆ, ਜਿੱਥੇ ਇੱਕ ਕਾਲਜ ਨੇ ਉਸ ਨੂੰ ਨੌਕਰੀ ਦਿੱਤੀ। ਸਾਲ 1994 ਵਿੱਚ ਉਸ ਨੇ ਸੰਤੋਸ਼ੀ ਨਾਲ ਵਿਆਹ ਕਰਵਾ ਲਿਆ ਅਤੇ ਪਰਿਵਾਰ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਸ਼ਾਮਲ ਹੋ ਗਏ। ਹਰ ਲਿਹਾਜ਼ ਨਾਲ ਉਹ ਇੱਕ ਸਥਿਰ, ਸੰਤੁਸ਼ਟ ਜੀਵਨ ਜੀਅ ਰਿਹਾ ਸੀ।
ਸੁਪਨਿਆਂ ਵਿੱਚ ਆਉਣ ਲੱਗਿਆ ਪੁਰਾਣਾ ਜੀਵਨ
ਹਾਲ ਹੀ ਵਿੱਚ ਵਾਪਰੇ ਇੱਕ ਮਾਮੂਲੀ ਹਾਦਸੇ ਤੋਂ ਬਾਅਦ ਪੁਰਾਣੀਆਂ ਤਸਵੀਰਾਂ ਸੁਪਨਿਆਂ ਵਿੱਚ ਵਾਪਸ ਆਉਣ ਲੱਗੀਆਂ, ਜਿਨ੍ਹਾਂ ਵਿੱਚ ਇੱਕ ਅੰਬ ਦਾ ਦਰੱਖਤ, ਇੱਕ ਪਿੰਡ ਦਾ ਝੂਲਾ, ਸਤੌਨ ਨੂੰ ਜਾਂਦਾ ਇੱਕ ਤੰਗ ਰਸਤਾ ਅਤੇ ਇੱਕ ਘਰ ਦਾ ਵਿਹੜਾ ਜੋ ਉਸ ਨੇ ਦਹਾਕਿਆਂ ਤੋਂ ਨਹੀਂ ਦੇਖਿਆ ਸੀ। ਪਹਿਲਾਂ, ਉਸ ਨੇ ਸੁਪਨਿਆਂ ਨੂੰ ਆਮ ਗੱਲ ਵਾਂਗ ਲਿਆ, ਪਰ ਇਹ ਤੇਜ਼ ਹੋ ਗਏ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਸੁਪਨੇ ਨਹੀਂ, ਸਗੋਂ ਯਾਦਾਂ ਸਨ।
ਸੀਮਤ ਸਿੱਖਿਆ ਹੋਣ ਕਾਰਨ ਉਸ ਨੇ ਮਦਦ ਲਈ ਇੱਕ ਕਾਲਜ ਵਿਦਿਆਰਥੀ ਦਾ ਸਹਾਰਾ ਲਿਆ। ਉਨ੍ਹਾਂ ਦੋਵਾਂ ਨੇ ਗੂਗਲ ’ਤੇ ਨਾਦੀ ਪਿੰਡ ਅਤੇ ਸਤੌਨ ਨੂੰ ਖੋਜਿਆ। ਸਤੌਨ ਦੇ ਸਥਾਨਕ ਕੈਫੇ ਦਾ ਇੱਕ ਫ਼ੋਨ ਨੰਬਰ ਸਾਹਮਣੇ ਆਇਆ। ਉੱਥੋਂ, ਨਾਦੀ ਨਿਵਾਸੀ ਰੁਦਰ ਪ੍ਰਕਾਸ਼ ਨਾਲ ਸੰਪਰਕ ਸਥਾਪਿਤ ਹੋਇਆ। ਅੰਤਿਮ ਪੁਸ਼ਟੀ ਪਰਿਵਾਰ ਦੇ ਰਿਸ਼ਤੇਦਾਰ ਐੱਮ ਕੇ ਚੌਬੇ ਨਾਲ ਇੱਕ ਕਾਲ ਵਿੱਚ ਹੋਈ, ਜਿਸ ਨੇ ਰਿਖੀ ਦੇ ਅਤੀਤ ਦੇ ਖੰਡਿਤ ਪਰ ਅਸਲੀ ਵੇਰਵਿਆਂ ਨੂੰ ਪਛਾਣ ਲਿਆ।
ਵਾਪਸੀ ਮੌਕੇ ਪਿੰਡ ’ਚ ਵੱਜੇ ਢੋਲ ਨਗਾੜੇ
15 ਨਵੰਬਰ ਨੂੰ ਉਸ ਦੀ ਘਰ ਵਾਪਸੀ ਮੌਕੇ ਇੰਝ ਲੱਗਿਆ ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸਮਤ ਨੂੰ ਦਿਨ-ਦਿਹਾੜੇ ਦੁਬਾਰਾ ਲਿਖਿਆ ਜਾ ਰਿਹਾ ਹੋਵੇ। ਢੋਲ ਵੱਜੇ, ਹਾਰ ਝੂਲੇ ਅਤੇ ਇੱਕ ਖੁਸ਼ਹਾਲ ਭੀੜ ਨੇ ਰਿਖੀ ਦਾ ਸਵਾਗਤ ਕੀਤਾ। ਜਦੋਂ ਭੈਣ-ਭਰਾ ਦੁਰਗਾ ਰਾਮ, ਚੰਦਰ ਮੋਹਨ, ਚੰਦਰਮਣੀ, ਕੌਸ਼ਲਿਆ ਦੇਵੀ, ਕਲਾ ਦੇਵੀ ਅਤੇ ਸੁਮਿੱਤਰਾ ਦੇਵੀ ਉਸ ਨਾਲ ਲਿਪਟ ਗਏ, ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ। ਜਿਸ ਨੌਜਵਾਨ ਨੂੰ ਉਹ ਮਰਿਆ ਸਮਝਦੇ ਸਨ, ਉਹ ਜ਼ਿੰਦਾ ਚੱਲ ਕੇ ਆਇਆ ਸੀ।
ਛੋਟੇ ਭਰਾ ਦੁਰਗਾ ਰਾਮ ਨੇ ਭਰੇ ਮਨ ਨਾਲ ਕਿਹਾ, “ਅਸੀਂ ਮੰਨ ਲਿਆ ਸੀ ਕਿ ਉਹ ਬਹੁਤ ਪਹਿਲਾਂ ਇਸ ਦੁਨੀਆਂ ਤੋਂ ਚਲਾ ਗਿਆ ਸੀ। 45 ਸਾਲਾਂ ਬਾਅਦ ਉਸ ਨੂੰ ਆਪਣੇ ਸਾਹਮਣੇ ਖੜ੍ਹਾ ਦੇਖ ਕੇ ਦੂਜਾ ਜਨਮ ਮਿਲਿਆ ਮਹਿਸੂਸ ਹੁੰਦਾ ਹੈ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।”
ਇਸ ਕਹਾਣੀ ਦੀ ਵਿਲੱਖਣਤਾ ਵਿੱਚ ਇੱਕ ਹੋਰ ਮੋੜ ਸ਼ਾਮਲ ਹੋਇਆ। ਰਿਖੀ 16 ਸਾਲ ਦੀ ਉਮਰ ਤੱਕ ਇੱਕ ਬ੍ਰਾਹਮਣ ਪਰਿਵਾਰ ਵਿੱਚ ਵੱਡਾ ਹੋਇਆ ਸੀ। ਪਰ ਹਰਿਆਣਾ ਵਿੱਚ ਆਪਣੀ ਯਾਦਦਾਸ਼ਤ ਗੁਆਉਣ ਤੋਂ ਬਾਅਦ ਉਸ ਦੇ ਨਵੇਂ ਸਾਥੀਆਂ ਨੇ ਅਤੀਤ ਤੋਂ ਅਣਜਾਣ ਹੋਣ ਕਾਰਨ, ਉਸ ਨੂੰ ਰਵੀ ਚੌਧਰੀ ਦੇ ਨਾਮ ਨਾਲ ਇੱਕ ਰਾਜਪੂਤ ਪਛਾਣ ਦਿੱਤੀ। ਉਸ ਨੇ ਆਪਣੀ ਸਾਰੀ ਬਾਲਗ ਜ਼ਿੰਦਗੀ ਉਸ ਭਾਈਚਾਰੇ ਦੇ ਸੱਭਿਆਚਾਰ, ਜੀਵਨ ਸ਼ੈਲੀ ਅਤੇ ਰੀਤੀ-ਰਿਵਾਜਾਂ ਵਿੱਚ ਬਤੀਤ ਕੀਤੀ। ਹੁਣ ਆਪਣੀ ਯਾਦਦਾਸ਼ਤ ਵਾਪਸ ਆਉਣ ’ਤੇ ਉਸ ਨੇ ਇੱਕ ਵਾਰ ਫਿਰ ਆਪਣੀ ਅਸਲੀ ਪਛਾਣ ਨੂੰ ਅਪਣਾ ਲਿਆ ਹੈ, ਆਪਣੇ ਜੱਦੀ ਪਿੰਡ ਵਿੱਚ ਇੱਕ ਬ੍ਰਾਹਮਣ ਵਜੋਂ ਆਪਣੀਆਂ ਜੜ੍ਹਾਂ ਵੱਲ ਪਰਤਿਆ ਹੈ।
