ਮਾਂ ਅਤੇ ਉਸਦੇ ਪ੍ਰੇਮੀ ਦੀ ਲਾਸ਼ ਥਾਣੇ ਲੈ ਕੇ ਪਹੁੰਚਿਆ ਨੌਜਵਾਨ
ਸਿਰਸਾ ਵਿੱਚ ਵੀਰਵਾਰ ਰਾਤ ਨੂੰ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ, ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਪਾਗਲ ਹੋ ਗਿਆ। ਇਸ ਤੋਂ ਖਫ਼ਾ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਕਥਿਤ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਐਨਾ ਹੀ ਨਹੀਂ ਸ਼ੁੱਕਰਵਾਰ ਸਵੇਰੇ ਨੌਜਵਾਨ ਦੋਵਾਂ ਦੀਆਂ ਲਾਸ਼ਾਂ ਨੂੰ ਇੱਕ ਪਿਕਅੱਪ ਗੱਡੀ ਵਿੱਚ ਪਾ ਕੇ ਸਦਰ ਥਾਣੇ ਪਹੁੰਚਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਵੀ ਕੀਤੀ।
ਗੌਰਤਲਬ ਹੈ ਕਿ ਸਿਰਸਾ ਦੇ ਸਦਰ ਥਾਣਾ ਖੇਤਰ ਦੇ ਪਿੰਡ ਥੇਹੜ ਸਿਕੰਦਰਪੁਰ ਵਿੱਚ ਵੀਰਵਾਰ ਦੇਰ ਰਾਤ ਕਰੀਬ 2 ਵਜੇ ਰਾਜਕੁਮਾਰ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਅੰਗੂਰੀ ਦੇਵੀ (42 ਸਾਲ) ਅਤੇ ਉਸ ਦੇ ਪ੍ਰੇਮੀ ਲੇਖਰਾਜ (45 ਸਾਲ) ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਪੁਲਿਸ ਅਨੁਸਾਰ ਨੌਜਵਾਨ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ ਸੀ, ਜਿਸ ਤੋਂ ਬਾਅਦ ਉਸ ਨੇ ਦੋਹਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੁੱਕਰਵਾਰ ਸਵੇਰੇ ਕਰੀਬ 9:00 ਵਜੇ ਦੋਸ਼ੀ ਰਾਜਕੁਮਾਰ ਆਪਣੀ ਮਾਂ ਅਤੇ ਉਸਦੇ ਪ੍ਰੇਮੀ ਦੀਆਂ ਲਾਸ਼ਾਂ ਨੂੰ ਪਿਕਅੱਪ ਗੱਡੀ ਵਿੱਚ ਪਾ ਕੇ ਸਿਰਸਾ ਦੇ ਸਦਰ ਥਾਣੇ ਪਹੁੰਚਿਆ ਅਤੇ ਪੁਲੀਸ ਨੂੰ ਸਾਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ।
ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ ਸੀ, ਪਰ ਉਹ ਨਹੀਂ ਮੰਨੀ। ਪਿੰਡ ਥੇਹੜ ਸਿਕੰਦਰਪੁਰ ਵਿੱਚ ਹੋਏ ਇਸ ਦੋਹਰੇ ਕਤਲ ਤੋਂ ਬਾਅਦ ਸਨਸਨੀ ਫੈਲ ਗਈ ਹੈ ਅਤੇ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹਨ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
