ਦਿੱਲੀ ’ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ; ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ
ਕੇਂਦਰੀ ਜਲ ਕਮਿਸ਼ਨ (CWC) ਨੇ ਯਮੁਨਾ ਨਦੀ ਵਿਚ 19 ਅਗਸਤ ਤੱਕ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਦੋਂਕਿ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ। ਕਮਿਸ਼ਨ ਇਹਤਿਆਤੀ ਉਪਰਾਲੇ ਵਜੋਂ ਪਾਣੀ ਦੀ ਨਿਕਾਸੀ ਸ਼ੁਰੂ ਕਰ ਸਕਦਾ ਹੈ।
ਸੋਮਵਾਰ ਸਵੇਰੇ 7 ਵਜੇ ਤੱਕ, ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.80 ਮੀਟਰ ਸੀ, ਜੋ ਐਤਵਾਰ ਸ਼ਾਮ ਨੂੰ 204.60 ਮੀਟਰ ਤੋਂ ਵੱਧ ਗਿਆ ਹੈ। ਚੇਤਾਵਨੀ ਦਾ ਨਿਸ਼ਾਨ 204.50 ਮੀਟਰ ਹੈ, ਅਤੇ ਦਰਿਆ ਲਗਾਤਾਰ ਦੋ ਦਿਨਾਂ ਤੋਂ ਇਸ ਪੱਧਰ ਤੋਂ ਉੱਪਰ ਵਗ ਰਿਹਾ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਸਬੰਧਤ ਏਜੰਸੀਆਂ ਅਲਰਟ ’ਤੇ ਹਨ, ਅਤੇ ਹਾਲਾਤ ਸੰਭਾਲਣ ਲਈ ਇਹਤਿਆਤੀ ਉਪਾਅ ਕੀਤੇ ਗਏ ਹਨ। ਪੁਰਾਣਾ ਰੇਲਵੇ ਪੁਲ ਰਾਜਧਾਨੀ ਵਿੱਚ ਹੜ੍ਹਾਂ ਦੇ ਜੋਖਮਾਂ ਦੀ ਨਿਗਰਾਨੀ ਲਈ ਅਹਿਮ ਨਿਰੀਖਣ ਬਿੰਦੂ ਬਣਿਆ ਹੋਇਆ ਹੈ।
ਪਾਣੀ ਦੇ ਪੱਧਰ ਵਿੱਚ ਵਾਧਾ ਮੁੱਖ ਤੌਰ ’ਤੇ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਹੋਇਆ ਹੈ। ਹੁਣ ਤੱਕ, ਹਥਨੀਕੁੰਡ ਤੋਂ 58,282 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹੈ। ਉਧਰ ਵਜ਼ੀਰਾਬਾਦ ਤੋਂ ਹਰ ਘੰਟੇ 36,170 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉੱਪਰ ਵੱਲ ਛੱਡੇ ਗਏ ਪਾਣੀ ਨੂੰ ਆਮ ਤੌਰ ’ਤੇ ਦਿੱਲੀ ਤੱਕ ਪਹੁੰਚਣ ਵਿੱਚ 48 ਤੋਂ 50 ਘੰਟੇ ਲੱਗਦੇ ਹਨ। ਹਾਲਾਤ ਨੂੰ ਦੇਖਦਿਆਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ ਗਏ ਹਨ।
ਗੰਗਾ ਸਮੇਤ ਹੋਰ ਨਦੀਆਂ ਵਿੱਚ ਵੀ ਪਾਣੀ ਦੇ ਪੱਧਰ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਜੇ ਗਰਗ ਨੇ ਪੁਸ਼ਟੀ ਕੀਤੀ ਕਿ ਹਾਲ ਹੀ ਵਿੱਚ ਪਏ ਭਾਰੀ ਮੀਂਹ ਕਾਰਨ ਨਦੀ ਵਿੱਚ 1.78 ਲੱਖ ਕਿਊਸਿਕ ਪਾਣੀ ਦਾਖਲ ਹੋਇਆ ਹੈ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਉੱਚਾ ਪੱਧਰ ਹੈ।
ਇਸ ਦੌਰਾਨ, ਭਾਰਤੀ ਮੌਸਮ ਵਿਭਾਗ (IMD) ਨੇ ਹਰਿਆਣਾ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਦੇ ਹੋਏ ਇੱਕ ਚੇਤਾਵਨੀ ਜਾਰੀ ਕੀਤੀ ਹੈ। ਹਰਿਆਣਾ ਦੇ ਪ੍ਰਭਾਵਿਤ ਖੇਤਰਾਂ ਵਿੱਚ ਕਰਨਾਲ, ਇੰਦਰੀ, ਥਾਨੇਸਰ ਅਤੇ ਅੰਬਾਲਾ ਸ਼ਾਮਲ ਹਨ, ਜਦੋਂ ਕਿ ਪੰਜਾਬ ਦੇ ਪਟਿਆਲਾ, ਮੁਹਾਲੀ ਅਤੇ ਲੁਧਿਆਣਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਹੈ।