ਵਿਸ਼ਵ ਪ੍ਰਸਿੱਧ ਝੋਟੇ ਯੁਵਰਾਜ ਦੀ 23 ਸਾਲ ਦੀ ਉਮਰ ’ਚ ਮੌਤ
ਸਤਨਾਮ ਸਿੰਘ
ਬਲਾਕ ਬਾਬੈਨ ਦੇ ਪਿੰਡ ਸੁਨਾਰੀਆਂ ਦੇ ਕਰਮਵੀਰ ਸਿੰਘ ਦੇ ਵਿਸ਼ਵ ਪ੍ਰਸਿੱਧ ਝੋਟੇ ਯੁਵਰਾਜ ਦੀ 23 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਕਰਮਵੀਰ ਦਾ ਝੋਟਾ 29 ਵਾਰ ਕੌਮੀ ਤੇ ਸੂਬਾ ਪੱਧਰੀ ਮੇਲਿਆਂ ਵਿੱਚ ਆਪਣੀ ਮੁਰ੍ਹਾ ਨਸਲ ਵਿੱਚ ਚੈਂਪੀਅਨ ਰਿਹਾ। ਯੁਵਰਾਜ ਨੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹੈਦਰਾਬਾਦ, ਪਟਨਾ, ਚਿੱਤਰਕੂਟ ਵਿੱਚ ਮੁਕਾਬਲਿਆਂ ਵਿੱਚ ਕਈ ਵੱਡੇ ਇਨਾਮ ਆਪਣੇ ਨਾਂ ਕੀਤੇ ਸਨ। ਯੁਵਰਾਜ ਦਾ ਭਾਰ ਲਗਪਗ 1500 ਕਿਲੋ, ਲੰਬਾਈ ਨੌਂ ਫੁੱਟ ਅਤੇ ਉਚਾਈ ਛੇ ਫੁੱਟ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਪ੍ਰੋਗਰਾਮ ’ਚ ਯੁਵਰਾਜ ਨੂੰ ਦੇਖ ਕੇ ਉਸ ਦੀ ਸ਼ਲਾਘਾ ਕੀਤੀ ਸੀ।
ਝੋਟੇ ਦੇ ਮਾਲਕ ਕਰਮਵੀਰ ਸਿੰਘ ਸੁਨਾਰੀਆਂ ਨੇ ਕਿਹਾ ਕਿ ਯੁਵਰਾਜ ਦੀ ਕੀਮਤ ਨੌਂ ਕਰੋੜ ਰੁਪਏ ਸੀ। ਉਹ ਆਪਣੇ ਝੋਟੇ ਨੂੰ ਪੁੱਤਰਾਂ ਵਾਂਗ ਪਿਆਰ ਕਰਦਾ ਸੀ, ਜਿਸ ਕਾਰਨ ਉਹ ਉਸ ਨੂੰ ਕਿਸੇ ਵੀ ਕੀਮਤ ’ਤੇ ਵੇਚਣ ਲਈ ਤਿਆਰ ਨਹੀਂ ਸੀ। ਯੁਵਰਾਜ ਕਰੀਬ ਦੋ ਲੱਖ ਕੱਟੇ ਤੇ ਕੱਟੀਆਂ ਦਾ ਪਿਤਾ ਸੀ। ਯੁਵਰਾਜ ਤੋਂ ਉਨ੍ਹਾਂ ਨੂੰ ਸਾਲਾਨਾ 80 ਲੱਖ ਰੁਪਏ ਤੱਕ ਕਮਾਈ ਹੁੰਦੀ ਸੀ ਅਤੇ ਝੋਟੇ ਦੀ ਖ਼ੁਰਾਕ ਤੇ ਦੇਖ-ਭਾਲ ’ਤੇ ਹਰ ਮਹੀਨੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਸਨ। ਉਹ ਯੁਵਰਾਜ ਨੂੰ ਰੋਜ਼ਾਨਾ 20 ਲਿਟਰ ਦੁੱਧ, 10 ਕਿਲੋ ਫਲ, 10 ਕਿਲੋ ਅਨਾਜ, 6 ਕਿਲੋ ਮਟਰ ਤੇ ਹਰਾ-ਚਾਰਾ ਖੁਆਉਂਦੇ ਸਨ। ਯੁਵਰਾਜ ਨੂੰ ਹਰ ਰੋਜ਼ ਸ਼ਾਮ ਨੂੰ ਛੇ ਕਿਲੋਮੀਟਰ ਦੀ ਸੈਰ ਲਈ ਵੀ ਲਿਜਾਇਆ ਜਾਂਦਾ ਸੀ।
