ਸਿੱਖ ਵਿਰਾਸਤ ਵਿਸ਼ੇ ’ਤੇ ਵਰਕਸ਼ਾਪ
ਪੱਤਰ ਪ੍ਰੇਰਕ
ਯਮੁਨਾਨਗਰ, 10 ਜਨਵਰੀ
ਗੁਰੂ ਨਾਨਕ ਗਰਲਜ਼ ਕਾਲਜ ਵਿਖੇ ‘ਸਿੱਖ ਵਿਰਾਸਤ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ । ਸਮਾਗਮ ਦੀ ਸ਼ੁਰੂਆਤ ਵਿੱਚ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ ਅਤੇ ਨਿਰਦੇਸ਼ਕਾ ਡਾ. ਵਰਿੰਦਰ ਗਾਂਧੀ ਨੇ ਮੁੱਖ ਮਹਿਮਾਨ ਅਮਰਦੀਪ ਸਿੰਘ (ਫਿਲਮ ਨਿਰਮਾਤਾ, ਲੇਖਕ ਅਤੇ ਸਾਬਕਾ ਕਾਰਪੋਰੇਟ ਕਾਰਜਕਾਰੀ) ਦਾ ਸਵਾਗਤ ਕੀਤਾ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਪਾਲ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੀ ਧਾਰਮਿਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸ਼ਕਤੀਸ਼ਾਲੀ ਤਰੀਕਾ ਸਾਬਿਤ ਹੁੰਦੇ ਹਨ। ਮੁੱਖ ਮਹਿਮਾਨ ਅਮਰਦੀਪ ਸਿੰਘ ਨੇ ਆਪਣੀ ਪਾਕਿਸਤਾਨ ਫੇਰੀ ਦੇ ਤਜਰਬੇ ਸਾਂਝੇ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਦੌਰਾਨ 24 ਐਪੀਸੋਡਾਂ ਵਿੱਚ ਤਿਆਰ ਕੀਤੀ ਗਈ ਦਸਤਾਵੇਜ਼ੀ ਫਿਲਮ ਦਿਖਾਈ ਗਈ। ਦੂਜੇ ਸੈਸ਼ਨ ਵਿੱਚ ਉਨ੍ਹਾਂ ਵੱਲੋਂ ਲਿਖੀ ਗਈ ਪੁਸਤਕ “ਲੌਸਟ ਹੈਰੀਟੇਜ- ਦਿ ਸਿੱਖ ਲੀਗੇਸੀ ਇਨ ਪਾਕਿਸਤਾਨ’ ਬਾਰੇ ਚਰਚਾ ਹੋਈ। ਬੁਲਾਰਿਆਂ ਨੇ ਕਿਹਾ ਕਿ ਇਹ ਪੁਸਤਕ ਫਿਰਕੂ ਸਦਭਾਵਨਾ ਦਾ ਵਡਮੁੱਲਾ ਦਸਤਾਵੇਜ਼ ਹੈ। ਉਨ੍ਹਾਂ ਪਾਕਿਸਤਾਨ ਵਿੱਚ ਅਲੋਪ ਹੋ ਰਹੇ ਸਿੱਖ ਵਿਰਸੇ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਨਵੀਂ ਪੀੜ੍ਹੀ ਨੂੰ ਇਸ ਵਿਰਸੇ ਨਾਲ ਜੁੜਨ, ਇਸ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋਫੈਸਰ ਦਿਲਸ਼ਾਦ ਕੌਰ ਨੇ ਕੀਤਾ। ਇਸ ਮੌਕੇ ਪ੍ਰੋਫੈਸਰ ਤਰਨਦੀਪ ਕੌਰ, ਡਾ. ਸੁਖਵਿੰਦਰ ਕੌਰ, ਸਮੂਹ ਸਟਾਫ਼ ਮੈਂਬਰ, ਵਿਦਿਆਰਥੀ ਮੌਜੂਦ ਸਨ ।