ਲਖਮੜੀ ’ਚ ਮਹਿਲਾ ਕਬੱਡੀ ਮੁਕਾਬਲੇ ਸ਼ੁਰੂ
ਪੀਰ ਲਖਮੜੀ ਦੀ ਦਰਗਾਹ ’ਤੇ ਕਰਵਾਏ ਜਾ ਰਹੇ ਦੋ ਰੋਜ਼ਾ ਸਲਾਨਾ ਖੇਡ ਮੇਲਾ ਮਹਿਲਾ ਕਬੱਡੀ ਮੁਕਾਬਲੇ ਨਾਲ ਸ਼ੁਰੂ ਹੋਇਆ। ਸੰਗਰੂਰ ਪੰਜਾਬ ਦੇ ਐੱਸ ਪੀ ਨਵਰੀਤ ਸਿੰਘ ਵਿਰਕ ਨੇ ਆਪਣੇ ਜੱਦੀ ਪਿੰਡ ਲਖਮੜੀ ਵਿੱਚ ਪਿੰਡ ਦੇ ਪੁਰਖਿਆਂ ਦੀ ਯਾਦ ਵਿੱਚ ਇਸ ਸਭਿਆਚਾਰਕ ਮੇੇਲੇ ਦਾ ਉਦਘਾਟਨ ਮਹਿਲਾ ਕੱਬਡੀ ਮੁਕਾਬਲੇ ਨਾਲ ਕੀਤਾ। ਇਸ ਮਹਿਲਾ ਕਬੱਡੀ ਮੁਕਾਬਲੇ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਸੰਘੋਰ ਦੀ ਟੀਮ ਨੇ ਸ਼ੁਰੂਆਤੀ ਮੈਚ ਵਿੱਚ ਬਰਾੜਾ ਦੀ ਟੀਮ ਨੂੰ ਹਰਾਇਆ। ਪਹਿਲੇ ਦਿਨ ਵੱਡੀ ਗਿਣਤੀ ਵਿੱਚ ਹਜਾਰਾਂ ਸ਼ਰਧਾਲੂੁਆਂ ਨੇ ਮੀਰ ਬਾਬਾ ਪੀਰ ਦੀ ਦਰਗਾਹ ’ਤੇ ਮੱਥਾ ਟੇਕਿਆ ਤੇ ਮਨੁੱਖਤਾ ਦੇ ਭਲੇ ਲਈ ਅਰਦਾਸ ਕੀਤੀ। ਮੇਲੇ ਵਿੱਚ ਪੁੱਜੇ ਲੋਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੁਲੀਸ ਕਪਤਾਨ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਇਹ ਮੇਲਾ ਨਾ ਸਿਰਫ ਧਾਰਮਿਕ ਸ਼ਰਧਾ ਦਾ ਪ੍ਰਤੀਕ ਹੈ ਬਲਕਿ ਸਮਾਜਿਕ ਏਕਤਾ ਤੇ ਸਭਿਆਚਾਰਕ ਵਿਰਾਸਤ ਨੂੰ ਵੀ ਮਜ਼ਬੂਤ ਕਰਦਾ ਹੈ। ਲਖਮੜੀ ਵਿੱਚ ਮੀਰ ਬਾਬਾ ਪੀਰ ਦੀ ਦਰਗਾਹ ਸਾਲਾਂ ਤੋਂ ਹਿੰਦੂ ਮੁਸਲਿਮ ਏਕਤਾ ਦੀ ਪ੍ਰਤੀਕ ਹੈ, ਜਿੱਥੇ ਸਾਰੇ ਧਰਮਾਂ ਦੇ ਲੋਕ ਬਰਾਬਰ ਵਿਸ਼ਵਾਸ਼ ਨਾਲ ਸ਼ਰਧਾਂਜਲੀ ਭੇਟ ਕਰਦੇ ਹਨ। ਮੇਲੇ ਵਿੱਚ ਸ਼ਰਧਾਲੂਆਂ ਦੀ ਇੱਕ ਬਹੁਤ ਵੱਡੀ ਭੀੜ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਦਰਗਾਹ ਤੇ ਚਾਦਰਾਂ ਚੜ੍ਹਾਈਆਂ ਤੇ ਆਪਣੇ ਪਰਿਵਾਰਾਂ ਦੀ ਭਲਾਈ ਤੇ ਖੁਸ਼ਹਾਲੀ ਤੇ ਦੇਸ਼ ਵਿੱਚ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਮੇਲਿਆਂ ਵਿੱਚ ਹੋਣ ਵਾਲੇ ਖੇਡ ਮੁਕਾਬਲੇ ਸਾਡੀ ਪ੍ਰਾਚੀਨ ਸਭਿਅਤਾ ਤੇ ਸਭਿਅਚਾਰ ਦਾ ਪ੍ਰਤੀਕ ਹਨ, ਜੋ ਸਾਡੇ ਪੁਰਖਿਆਂ ਦੀਆਂ ਯਾਦਾਂ ਨੂੰ ਵਾਪਸ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਨ੍ਹਾਂ ਖੇਡ ਮੁਕਾਬਲਿਆਂ ਦਾ ਪੂਰਾ ਅਨੰਦ ਮਾਣਦੇ ਹਨ ਤੇ ਉਨ੍ਹਾਂ ਦਾ ਪੂਰਾ ਮਨੋਰੰਜਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਅਜੇਹੇ ਸਮਾਗਮ ਨਾ ਸਿਰਫ ਲੋਕਾਂ ਵਿੱਚ ਭਾਈਚਾਰਾ ਵਧਾਉਂਦੇ ਹਨ ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦਾ ਸਬੂਤ ਹਨ ਕਿ ਪੁਲੀਸ ਕਪਤਾਨ ਦੇ ਆਹੁਦੇ ਤੱਕ ਉਨ੍ਹਾਂ ਦੀ ਤਰੱਕੀ ਖੇਡਾਂ ਕਾਰਨ ਹੀ ਹੋਈ ਹੈ।