ਪਿੰਡ ਚੌਟਾਲਾ ’ਚ ਰਤਨਪੁਰਾ ਬਾਈਪਾਸ ਨੇੜਿਓਂ ਮਹਿਲਾ ਦੀ ਲਾਸ਼ ਮਿਲੀ
ਇਥੇ ਪਿੰਡ ਚੌਟਾਲਾ ਵਿਚ ਅੱਜ ਸਵੇਰੇ ਰਤਨਪੁਰਾ ਬਾਈਪਾਸ ’ਤੇ ਸੜਕ ਨੇੜਿਓਂ ਔਰਤ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਉਮਰ ਕਰੀਬ 30-32 ਸਾਲ ਦੱਸੀ ਜਾਂਦੀ ਹੈ। ਉਸ ਦੀ ਪਛਾਣ ਰਾਜਸਥਾਨ ਦੇ ਸਰਹੱਦੀ ਕਸਬੇ ਸੰਗਰਿਆ ਦੇ ਵਾਰਡ ਨੰਬਰ 4 ਦੀ ਵਸਨੀਕ ਰੇਖਾ ਪੁੱਤਰੀ ਕਾਲੂਰਾਮ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਦੋਵੇਂ ਪੈਰਾਂ ਅਤੇ ਸੱਜੀ ਬਾਂਹ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਖਦਸ਼ਾ ਜਾਹਰ ਕੀਤਾ ਜਾ ਰਿਹਾ ਕਿ ਔਰਤ ਨਾਲ ਪਹਿਲਾਂ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ ਅਤੇ ਫਿਰ ਉਸ ਦਾ ਕਤਲ ਕਰਕੇ ਲਾਸ਼ ਸੜਕ ’ਤੇ ਸੁੱਟ ਦਿੱਤੀ ਗਈ। ਸੂਚਨਾ ਮਿਲਣ ’ਤੇ ਸਦਰ ਪੁਲੀਸ ਦੇ ਮੁਖੀ ਸ਼ਲਿੰਦਰ ਕੁਮਾਰ ਅਤੇ ਚੌਟਾਲਾ ਚੌਕੀ ਦੇ ਮੁਖੀ ਆਨੰਦ ਕੁਮਾਰ ਮੌਕੇ ’ਤੇ ਪੁੱਜੇ ਅਤੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਡੱਬਵਾਲੀ ਭੇਜ ਦਿੱਤੀ।
ਸਦਰ ਥਾਣਾ ਦੇ ਮੁਖੀ ਸ਼ਲਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਰੇਖਾ ਨਸ਼ਿਆਂ ਦੀ ਆਦੀ ਸੀ ਅਤੇ ਉਸ ਖਿਲਾਫ਼ ਚਿੱਟਾ ਤਸਕਰੀ ਦਾ ਮੁਕੱਦਮਾ ਵੀ ਦਰਜ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕਾ ਦੇ ਹੁਣ ਤੱਕ ਤਿੰਨ ਵਿਆਹ ਹੋ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮਾਮਲਾ ਹੱਤਿਆ ਨਾਲ ਜੁੜਿਆ ਜਾਪਦਾ ਹੈ। ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।