2 ਕਿਲੋ ਭੁੱਕੀ ਤੋਂ ਵੱਧ ਸਣੇ ਮਹਿਲਾ ਕਾਬੂ
ਨਸ਼ਿਆਂ ਨੂੰ ਰੋਕਣ ਲਈ ਪੁਲੀਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਪੁਲੀਸ ਟੀਮ ਨੇ ਇੱਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 2 ਕਿਲੋ 10 ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਪੁੱਛਗਿੱਛ ਦੇ ਆਧਾਰ ’ਤੇ ਪੁਲੀਸ ਨੇ ਨਸ਼ਿਆਂ ਦੇ ਅਸਲ ਸਪਲਾਇਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਏ ਐੱਸ ਆਈ ਹਰਪਾਲ ਸਿੰਘ ਪੁਲੀਸ ਟੀਮ ਨਾਲ ਗਸ਼ਤ ’ਤੇ ਸੀ। ਇਸ ਦੌਰਾਨ ਸਾਹਨਲ ਰੋਡ ’ਤੇ ਹੈਫੇਡ ਗੋਦਾਮ ਨੇੜੇ ਸ਼ੱਕੀ ਹਾਲਾਤ ਵਿੱਚ ਪੁਲੀਸ ਟੀਮ ਨੂੰ ਦੇਖ ਕੇ ਇੱਕ ਔਰਤ ਤੇਜ਼ ਕਦਮਾਂ ਨਾਲ ਪਿੱਛੇ ਹਟਣ ਲੱਗੀ। ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਔਰਤ ਨੂੰ ਰੋਕਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਸਤਪਾਲ ਕੌਰ ਉਰਫ਼ ਪਾਲ ਕੌਰ ਵਾਸੀ ਢਾਣੀ ਜਖਨ ਦਾਦੀ, ਵਾਰਡ ਨੰਬਰ 4, ਰਤੀਆ ਵਜੋਂ ਹੋਈ। ਇਸ ਦੌਰਾਨ ਉਸ ਦੇ ਬੈਗ ਵਿੱਚੋਂ 2 ਕਿਲੋ 10 ਗ੍ਰਾਮ ਭੁੱਕੀ ਪਾਊਡਰ ਬਰਾਮਦ ਕੀਤਾ ਗਿਆ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਸੀਲ ਕਰ ਦਿੱਤਾ ਗਿਆ ਅਤੇ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸਬੰਧੀ ਔਰਤ ਵਿਰੁੱਧ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਵਿੱਚ ਸਤਪਾਲ ਕੌਰ ਨੇ ਖੁਲਾਸਾ ਕੀਤਾ ਕਿ ਉਹ ਇਹ ਨਸ਼ੀਲਾ ਪਦਾਰਥ ਅਨੀਤਾ ਨਿਵਾਸੀ ਵਾਰਡ ਨੰਬਰ 12, ਰਤੀਆ ਤੋਂ ਲੈ ਕੇ ਆਈ ਸੀ। ਪੁਲੀਸ ਟੀਮ ਨੇ ਅਸਲ ਸਪਲਾਇਰ ਅਨੀਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮਹਿਲਾ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।