ਮਹਿਲਾ ਨੇ ਭੁਲੇਖੇ ਨਾਲ ਬੱਚਾ ਕੈਬ ’ਚ ਛੱਡਿਆ
ਪੁਲੀਸ ਨੇ 15 ਕਿਲੋਮੀਟਰ ਜਾ ਕੇ ਕੈਬ ਵਿੱਚੋਂ ਬੱਚਾ ਕੱਢਿਆ
Advertisement
ਦੇਹਰਾਦੂਨ ਤੋਂ ਨਾਲਾਗੜ੍ਹ, ਹਿਮਾਚਲ ਪ੍ਰਦੇਸ਼ ਜਾ ਰਹੀ ਇੱਕ ਮਹਿਲਾ ਦਾ ਦੋ ਸਾਲਾ ਬੱਚਾ ਕੈਬ ਵਿੱਚ ਰਹਿ ਗਿਆ। ਡੀ ਸੀ ਪੀ ਪੰਚਕੂਲਾ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ ਮਹਿਲਾ ਨੇ ਸਵੇਰੇ 6 ਵਜੇ ਦੇਹਰਾਦੂਨ ਤੋਂ ਹਿਮਾਚਲ ਪ੍ਰਦੇਸ਼ ਲਈ ਇੱਕ ਕੈਬ ਬੁੱਕ ਕੀਤੀ ਸੀ। ਜਦੋਂ ਉਹ ਪਿੰਜੌਰ ਪਹੁੰਚੀ ਤਾਂ ਉਹ ਕੇਲੇ ਅਤੇ ਹੋਰ ਚੀਜ਼ਾਂ ਖਰੀਦਣ ਲਈ ਗੱਡੀ ਤੋਂ ਉਤਰੀ ਅਤੇ ਬੱਚੇ ਨੂੰ ਵਿਅਸਤ ਰੱਖਣ ਲਈ ਆਪਣਾ ਮੋਬਾਈਲ ਫੋਨ ਦਿੱਤਾ। ਇਸ ਦੌਰਾਨ ਡਰਾਈਵਰ ਵੀ ਗੱਡੀ ’ਚੋਂ ਨਿਕਲਿਆ ਅਤੇ ਕੁੱਝ ਸਮੇਂ ਮਗਰੋਂ ਉਹ ਬਿਨਾਂ ਚੈੱਕ ਕੀਤੇ ਗੱਡੀ ਚਲਾ ਕੇ ਨਾਲਾਗੜ੍ਹ ਵੱਲ ਚਲਾ ਗਿਆ। ਜਦੋਂ ਮਹਿਲਾ ਵਾਪਸ ਆਈ ਅਤੇ ਗੱਡੀ ਉੱਥੇ ਨਹੀਂ ਸੀ। ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਈ ਆਰ ਵੀ 526 ਟੀਮ ਤਰਫ਼ੋਂ ਇੰਚਾਰਜ ਰਿਸ਼ੀ ਕੁਮਾਰ, ਐੱਸ ਪੀ ਓ ਰਾਮਚੰਦਰ ਅਤੇ ਐੱਸ ਪੀ ਓ ਪਰਵੇਸ਼ ਮਸੀਹ ਨੇ ਗੱਡੀ ਦਾ ਪਿੱਛਾ ਕੀਤਾ। ਪੁਲੀਸ ਨੇ ਮਹਿਲਾ ਦੇ ਫੋਨ ’ਤੇ ਕਾਲ ਕੀਤੀ, ਜੋ ਬੱਚੇ ਨੇ ਰਿਸੀਵ ਕੀਤੀ ਅਤੇ ਕਹਿਣ ਅਨੁਸਾਰ ਉਸ ਨੇ ਡਰਾਈਵਰ ਨਾਲ ਗੱਲ ਕਰਵਾਈ।
ਡਰਾਈਵਰ ਨੇ ਦੱਸਿਆ ਕਿ ਉਹ ਗਲਤੀ ਨਾਲ ਗੱਡੀ ਚਲਾ ਕੇ ਅੱਗੇ ਗਿਆ ਅਤੇ ਉਸ ਨੇ ਪਿਛਲੀ ਸੀਟ ਵੱਲ ਧਿਆਨ ਨਹੀਂ ਦਿੱਤਾ ਸੀ। ਉਹ ਪਿੰਜੌਰ ਤੋਂ ਨਾਲਾਗੜ੍ਹ ਰੋਡ ’ਤੇ ਲਗਭਗ 15 ਕਿਲੋਮੀਟਰ ਦੂਰ ਪਹੁੰਚ ਗਿਆ ਸੀ। ਪੁਲੀਸ ਨੇ ਉਸ ਨੂੰ ਰੋਕ ਕੇ ਬੱਚਾ ਬਰਾਮਦ ਕਰਕੇ ਮਹਿਲਾ ਹਵਾਲੇ ਕੀਤਾ।
Advertisement
Advertisement
