ਮ੍ਰਿਤਕ ਪੁਲੀਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਵਿਦੇਸ਼ ਤੋਂ ਪਰਤੀ
ਹਰਿਆਣਾ ਦੇ ਸੀਨੀਅਰ ਪੁਲੀਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਬੁੱਧਵਾਰ ਨੂੰ ਜਾਪਾਨ ਤੋਂ ਇੱਥੇ ਪਹੁੰਚੇ ਹਨ। ਪੁਲੀਸ ਅਧਿਕਾਰੀ ਦੀ ਪਤਨੀ ਅਮਨੀਤ ਪੀ ਕੁਮਾਰ, ਜੋ ਕਿ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸ (ਆਈਏਐਸ) ਅਧਿਕਾਰੀ ਅਤੇ ਹਰਿਆਣਾ ਸਰਕਾਰ ਦੇ ਵਿਦੇਸ਼ ਸਹਿਕਾਰਤਾ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਹੈ, ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਵਾਲੇ ਵਫ਼ਦ ਦੇ ਹਿੱਸੇ ਵਜੋਂ ਜਾਪਾਨ ਵਿੱਚ ਸੀ।
ਸੂਤਰਾਂ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਇੱਥੇ ਪਹੁੰਚੇ ਹਨ। ਵਾਈ ਪੂਰਨ ਕੁਮਾਰ (52), ਜੋ ਕਿ 2001 ਬੈਚ ਦੇ ਇੰਡੀਅਨ ਪੁਲੀਸ ਸਰਵਿਸ (ਆਈਪੀਐਸ) ਅਧਿਕਾਰੀ ਸਨ, ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਗੋਲੀ ਲੱਗਣ ਕਾਰਨ ਮ੍ਰਿਤਕ ਪਾਏ ਗਏ ਸਨ।
ਉਨ੍ਹਾਂ ਦੇ ਇੱਥੇ ਪਹੁੰਚਣ ਤੋਂ ਬਾਅਦ ਕੁਝ ਸੀਨੀਅਰ ਹਰਿਆਣਾ ਨੌਕਰਸ਼ਾਹਾਂ ਨੇ ਅਮਨੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਪੋਸਟਮਾਰਟਮ ਅਮਨੀਤ ਕੁਮਾਰ ਦੇ ਇੱਥੇ ਪਹੁੰਚਣ ਤੋਂ ਬਾਅਦ ਹੀ ਕਰਵਾਇਆ ਜਾਵੇਗਾ।
ਅਧਿਕਾਰੀਆਂ ਦੇ ਅਧਿਕਾਰਾ ਸੀਨੀਆਰਤਾ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਆਪਣੇ ਦਖਲ ਲਈ ਜਾਣੇ ਜਾਂਦੇ ਪੂਰਨ ਕੁਮਾਰ ਨੂੰ ਹਾਲ ਹੀ ਵਿੱਚ ਰੋਹਤਕ ਦੇ ਸੁਨਾਰੀਆ ਵਿੱਚ ਪੁਲੀਸ ਸਿਖਲਾਈ ਕੇਂਦਰ (ਪੀਟੀਸੀ) ਦੇ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਸੀ।
ਉਨ੍ਹਾਂ ਦੀ ਲਾਸ਼ ਘਰ ਦੇ ਬੇਸਮੈਂਟ ਵਿੱਚ ਇੱਕ ਕਮਰੇ ਵਿੱਚੋਂ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਸੈਂਟਰਲ ਫੋਰੈਂਸਿਕ ਸਾਇੰਸਜ਼ ਲੈਬਾਰਟਰੀ (ਸੀਐਫਐਸਐਲ) ਦੀ ਟੀਮ ਨੇ ਮੌਕੇ ਤੋਂ ਭੌਤਿਕ ਅਤੇ ਇਲੈਕਟ੍ਰਾਨਿਕ ਸਬੂਤ, ਜਿਸ ਵਿੱਚ ਉਹ ਹਥਿਆਰ ਵੀ ਸ਼ਾਮਲ ਹੈ ਜਿਸ ਦੀ ਵਰਤੋਂ ਪੂਰਨ ਕੁਮਾਰ ਨੇ ਕਥਿਤ ਤੌਰ 'ਤੇ ਖੁਦ ਨੂੰ ਗੋਲੀ ਮਾਰਨ ਲਈ ਕੀਤੀ ਸੀ, ਜ਼ਬਤ ਕਰ ਲਏ ਹਨ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਵਸੀਅਤ ਅਤੇ ਇੱਕ ਆਖਰੀ ਨੋਟ ਵੀ ਮਿਲਿਆ ਅਤੇ ਜ਼ਬਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਨੋਟ ਨੌਂ ਪੰਨਿਆਂ ਦਾ ਹੈ।