ਨਹਿਰ ਟੁੱਟਣ ਕਾਰਨ ਕਣਕ ਤੇ ਸਰ੍ਹੋਂ ਦੀ ਫ਼ਸਲ ਡੁੱਬੀ
ਜਗਤਾਰ ਸਮਾਲਸਰ
ਖੇੜੀ ਮਾਈਨਰ ਨਹਿਰ, ਕੁਮਹਾਰੀਆ ਅਤੇ ਖੇੜੀ ਪਿੰਡਾਂ ਦੇ ਵਿਚਕਾਰ ਦੁਬਾਰਾ ਟੁੱਟ ਗਈ ਹੈ ਜਿਸ ਕਾਰਨ ਕਣਕ ਅਤੇ ਸਰ੍ਹੋਂ ਦੀ ਫਸਲ ਵਿੱਚ ਪਾਣੀ ਭਰ ਗਿਆ। ਇਹ ਨਹਿਰ 10 ਦਿਨ ਪਹਿਲਾਂ 20 ਨਵੰਬਰ ਨੂੰ ਵੀ ਇਸੇ ਥਾਂ ਤੋਂ ਟੁੱਟ ਗਈ ਸੀ। ਕਿਸਾਨਾਂ ਸੁਰਿੰਦਰ ਕੁਮਾਰ, ਅਨਿਲ ਕੁਮਾਰ ਤੇ ਰਾਜ ਕੁਮਾਰ ਆਦਿ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਕਣਕ ਅਤੇ ਸਰ੍ਹੋਂ ਦੀ ਲਗਭੱਗ 10 ਏਕੜ ਫਸਲ ਵਿੱਚ ਪਾਣੀ ਭਰ ਗਿਆ। ਵਾਰ-ਵਾਰ ਨਹਿਰ ਟੁੱਟਣ ਨਾਲ ਉਨ੍ਹਾਂ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ ਅਤੇ ਦੁਬਾਰਾ ਬਿਜਾਈ ਦੀ ਲਾਗਤ ਦੁੱਗਣੀ ਹੋ ਗਈ ਹੈ। ਕਿਸਾਨਾਂ ਨੇ ਤੁਰੰਤ ਸਿੰਜਾਈ ਵਿਭਾਗ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸਿੰਜਾਈ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ। ਕਿਸਾਨਾਂ ਕਿਹਾ ਕਿ ਨਹਿਰ ਇੱਥੇ ਕੱਚੀ ਹੈ। ਟੇਲ ’ਤੇ ਜ਼ਿਆਦਾ ਮਲਬਾ ਇਕੱਠਾ ਹੋਣ ਕਾਰਨ ਇੱਥੋਂ ਨਹਿਰ ਟੁੱਟ ਜਾਂਦੀ ਹੈ। ਇਸ ਕੱਚੇ ਹਿੱਸੇ ਨੂੰ ਪੱਕਾ ਕੀਤਾ ਜਾਵੇ। ਸਿੰਜਾਈ ਵਿਭਾਗ ਦੇ ਜੇ ਈ ਮਨਜੀਤ ਬੈਨੀਵਾਲ ਨੇ ਕਿਹਾ ਕਿ ਕੁਮਹਾਰੀਆ ਅਤੇ ਖੇੜੀ ਪਿੰਡ ਦੇ ਵਿਚਕਾਰ ਖੇੜੀ ਮਾਈਨਰ ਨਹਿਰ ਵਿੱਚ ਪਾੜ ਪੈਣ ਬਾਰੇ ਜਾਣਕਾਰੀ ਮਿਲੀ ਸੀ। ਸੂਚਨਾ ਮਿਲਣ ’ਤੇ ਸਿੰਜਾਈ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਪਾੜ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
