ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਾਂਗੇ ਵਿਕਾਸ: ਕ੍ਰਿਸ਼ਨ ਬੇਦੀ
ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੈ ਕਿ ਮੌਜੂਦਾ ਕੇਂਦਰ ਅਤੇ ਸੂਬੇ ਦੀ ਸਰਕਾਰ ਰਾਜਨੀਤਕ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਾਰੇ ਵਰਗਾਂ ਲਈ ਬਰਾਬਰ ਵਿਕਾਸ ਕਾਰਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਵਾਣਾ ਦੇ ਹਰ ਨਾਗਰਿਕ ਨੂੰ ਸਿੱਖਿਆ ਅਤੇ ਸੁਰੱਖਿਆ ਸਮੇਤ ਹਰ ਸੁਵਿਧਾ ਦਾ ਲਾਭ ਮਿਲੇ, ਇਸ ਲਈ ਸਰਕਾਰ ਯਤਨਸ਼ੀਲ ਹੈ।
ਕੈਬਨਿਟ ਮੰਤਰੀ ਨੇ ਆਪਣੇ ਧੰਨਵਾਦੀ ਦੌਰੇ ਦੌਰਾਨ ਦੇਰ ਸ਼ਾਮ ਪਿੰਡ ਜਾਜ਼ਨਵਾਲਾ ਵਿੱਚ ਕਰਵਾਈ ਗਈ ਇੱਕ ਗ੍ਰਾਮੀਣ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੋਕੇ ਉਨ੍ਹਾਂ ਨੇ ਪਿੰਡ ਜਾਜ਼ਨਵਾਲਾ ਦੀ ਪੰਚਾਇਤ ਦੀ ਮੰਗ ਅਨੁਸਾਰ ਪਿੰਡ ਵਿੱਚ 3 ਦਰਜਨ ਦੇ ਕਰੀਬ ਵਿਕਾਸ ਕੰਮਾਂ ਨੂੰ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਨੇ ਇਨ੍ਹਾਂ ਵਿਕਾਸ ਕੰਮਾਂ ’ਤੇ ਖ਼ਰਚ ਹੋਣ ਵਾਲੀ 2 ਕਰੋੜ, 50 ਲੱਖ ਰੁਪਏ ਦੀ ਰਕਮ ਨੂੰ ਮੰਜ਼ੂਰ ਕੀਤੀ ਅਤੇ ਇਸ ਤੋਂ ਇਲਾਵਾ 51 ਲੱਖ ਰੁਪਏ ਦੀ ਹੋਰ ਵਾਧੂ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਰਵਾਣਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਸੌਗਾਤ ਦਿੰਦੇ ਆ ਰਹੇ ਹਨ। ਉੱਧਰ ਕ੍ਰਿਸ਼ਨ ਕੁਮਾਰ ਬੇਦੀ ਦੇ ਪੈਤ੍ਰਕ ਪਿੰਡ ਕਲੌਦਾ ਖੁਰਦ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਗਾਮੀ 17 ਅਗਸਤ ਨੂੰ ਨਰਵਾਣਾ ਹਲਕੇ ਵਿੱਚ ਮੁੱਖ ਮੰਤਰੀ ਦਾ ਦੌਰਾ ਨਰਵਾਣਾ ਹਲਕੇ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। ਇਸ ਮੌਕੇ ’ਤੇ ਉਨ੍ਹਾਂ ਪਿੰਡ ਦੀ ਆਮ ਚੌਪਾਲ ਦੇ ਨਿਰਮਾਣ ਕੰਮ ਦਾ ਉਦਘਾਟਨ ਵੀ ਕੀਤਾ।