ਹਸਪਤਾਲਾਂ ’ਚ 500 ਡਾਕਟਰ ਭਰਤੀ ਕਰਾਂਗੇ: ਰਾਓ
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਜਲਦ ਹੀ ਕਰੀਬ 500 ਡਾਕਟਰਾਂ ਦੀ ਭਰਤੀ ਕਰੇਗੀ। ਇਨ੍ਹਾਂ ਡਾਕਟਰਾਂ ਦੀ ਭਰਤੀ ਲਈ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਅਤੇ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਿਹਤ ਮੰਤਰੀ ਆਰਤੀ ਸਿੰਘ ਰਾਓ ਅਚਾਨਕ ਐੱਲ.ਐੱਨ.ਜੇ.ਪੀ. ਹਸਪਤਾਲ ਦਾ ਦੌਰਾ ਕਰਨ ਪੁੱਜੇ। ਹਸਪਤਾਲ ਦੀ ਚੈਕਿੰਗ ਕਰਨ ਮਗਰੋਂ ਉਨ੍ਹਾਂਮੀਡੀਆ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਉਨਾਂ ਹਸਪਤਾਲ ਦੇ ਫਾਰਮੇਸੀ, ਪਖਾਨਿਆਂ ਅਤੇ ਹਰ ਕਮਰੇ ਦੀ ਸਫਾਈ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਵਿਚ ਹਰ ਜਗਾ ਪਏ ਮਲਬੇ ਦੇ ਢੇਰਾਂ ਅਤੇ ਪਖਾਨਿਆਂ ਦੀ ਮਾੜੀ ਹਾਲਤ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੇਖ ਕੇ ਉੱਥੇ ਮੌਜੂਦ ਹਸਪਤਾਲ ਦੇ ਅਧਿਕਾਰੀਆਂ ਨੂੰ ਫਟਕਾਰ ਲਗਾਈ। ਇਹ ਮੁਸ਼ਕਲਾਂ ਖਾਸ ਕਰ ਕੇ ਬੱਚਿਆਂ ਦੇ ਵਾਰਡਾਂ ਵਿੱਚ ਆ ਰਹੀਆਂ ਸਨ। ਇਸ ਦੌਰਾਨ ਸਿਹਤ ਮੰਤਰੀ ਨੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਿਹਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਰੀਜਾਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕਿਹਾ। ਸਿਹਤ ਮੰਤਰੀ ਨੇ ਸੀ.ਐੱਮ.ਓ. ਡਾ. ਸੁਖਬੀਰ ਸਿੰਘ ਤੋਂ ਹਸਪਤਾਲ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੇ ਨਾਲ-ਨਾਲ ਦਵਾਈਆਂ ਅਤੇ ਹਸਪਤਾਲ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਲਈ। ਹਸਪਤਾਲ ਵਿਚ ਸਫਾਈ ਸਬੰਧੀ ਕਮੀਆਂ ਪਾਈਆਂ ਗਈਆਂ ਜਿਨ੍ਹਾਂ ਨੂੰ ਸੁਧਾਰਨ ਲਈ ਕਿਹਾ ਗਿਆ ਅਤੇ ਸਾਰੇ ਪਖਾਨਿਆਂ ਨੂੰ ਸੁਧਾਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲ੍ਹੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਵਿਚ ਵਿਭਾਗ ਦੇ ਅਧਿਕਾਰੀ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ, ਮੁਫਤ ਦਵਾਈਆਂ ਦੇ ਰਹੇ ਹਨ ਅਤੇ ਫੌਗਿੰਗ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀ.ਐੱਮ.ਓ. ਡਾ. ਸੁਖਬੀਰ ਸਿੰਘ, ਪੀ.ਐੱਮ.ਓ. ਡਾ. ਸਾਰਾ ਅਗਰਵਾਲ, ਡਿਪਟੀ ਸੀ.ਐੱਮ.ਓ. ਡਾ. ਰਮੇਸ਼ ਸਭਰਵਾਲ, ਐਕਸੀਅਨ ਰਿਸ਼ੀ ਸਚਦੇਵਾ ਅਤੇ ਹੋਰ ਅਧਿਕਾਰੀ ਮੌਜੂਦ ਸਨ।