ਕੁਰੂਕਸ਼ੇਤਰ ਤੇ ਕੈਥਲ ’ਚ ਛੱਠ ਘਾਟ ਬਣਾਵਾਂਗੇ: ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਛੱਠ ਪੂਜਾ ਹਰਿਆਣਾ ਨਾਲ ਸਬੰਧਤ ਹੈ। ਇਕ ਮਾਨਤਾ ਅਨੁਸਾਰ ਛੱਠ ਤਿਉਹਾਰ ਦੀ ਸ਼ੁਰੂਆਤ ਮਹਾਂ ਭਾਰਤ ਦੌਰਾਨ ਹੋਈ ਸੀ। ਸਭ ਤੋਂ ਪਹਿਲਾਂ ਸੂਰਜ ਪੁੱਤਰ ਨੇ ਇੱਥੋਂ 35 ਕਿਲੋਮੀਟਰ ਦੀ ਦੂਰੀ ’ਤੇ ਕਰਨ ਨਗਰੀ ਕਰਨਾਲ ਤੋਂ ਸ਼ੁਰੂ ਕੀਤੀ ਸੀ। ਉਥੇੇ ਅੱਜ ਵੀ ਸੂਰਜ ਪੂਜਾ ਦਾ ਵਿਸ਼ੇਸ਼ ਪ੍ਰਭਾਵ ਹੈ।
ਮੁੱਖ ਮੰਤਰੀ ਸੈਣੀ ਬ੍ਰਹਮ ਸਰੋਵਰ ਦੇ ਪੁਰਸ਼ੋਤਮ ਪੁਰਾ ਬਾਗ ਵਿੱਚ ਛੱਠ ਪੂਜਾ ਦੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਬ੍ਰਹਮ ਸਰੋਵਰ ਦੇ ਤੱਟ ’ਤੇ ਛੱਠ ਮਈਆ ਦੀ ਪੂਜਾ ਹੋ ਰਹੀ ਹੈ ਤਾਂ ਇਸ ਤਿਉਹਾਰ ਦਾ ਮਹੱਤਵ ਕਈ ਗੁਣਾ ਵੱਧ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਵਿੱਚ ਸੂਰਿਆ ਨਰਾਇਣ ਮੰਦਰ ਦੇ ਸਾਹਮਣੇ ਪੱਛਮੀ ਯਮੁਨਾ ਨਹਿਰ ’ਤੇ 4.48 ਕਰੋੜ ਦਾ ਲਾਗਤ ਨਾਲ ਇਕ ਇਸ਼ਨਾਨ ਘਾਟ ਬਣਾਇਆ ਗਿਆ ਹੈ। ਸਮਾਰਟ ਸਿਟੀ ਪ੍ਰਜੈਕਟ ਤਹਿਤ ਨਹਿਰ ਦੇ ਦੂਜੇ ਪਾਸੇ ਇਸ ਘਾਟ ਦੇ ਸਾਹਮਣੇ ਇਕ ਹੋਰ ਘਾਟ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪਾਣੀਪਤ, ਸੋਨੀਪਤ, ਪੰਚਕੂਲਾ ਵਿੱਚ ਵੀ ਘਾਟ ਬਣਾਏ ਗਏ ਹਨ। ਕੈਥਲ ਵਿੱਚ ਵੀ ਜਲਦੀ ਹੀ ਘਾਟ ਬਣਾਇਆ ਜਾਵੇਗਾ। ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਬਿਹਾਰ ਦੀ ਸੰਸਕ੍ਰਿਤੀ ਹਰਿਆਣਾ ਵਿੱਚ ਫੈਲਣੀ ਚਾਹੀਦੀ ਹੈ। ਪਰਿਵਾਰ ਦੀ ਭਲਾਈ ਲਈ ਕੁਰੂਕਸ਼ੇਤਰ ਦੀਆਂ ਭੈਣਾਂ ਨੂੰ ਵੀ ਛੱਠ ਪੂਜਾ ਦਾ ਵਰਤ ਰੱਖਣਾ ਚਾਹੀਦਾ ਹੈ। ਪੂਰਵਾਂਚਲ ਸਭਾ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਸਮਾਗਮ ਵਿੱਚ ਪੂਰਵਾਂਚਲ ਦੀ ਮਸ਼ਹੂਰ ਗਾਇਕਾ ਮਾਲਿਨੀ ਆਸਥਾ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ, ਚੇਅਰਮੈਨ ਧਰਮਬੀਰ ਮਿਰਜਾਪੁਰ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਮੀਡੀਆ ਕੋਆਰਡੀਨੇਟਰ ਤੁਸ਼ਾਰ ਸੈਣੀ, ਪੂਰਵਾਂਚਲ ਸਮਾਜ ਦੇ ਪ੍ਰਧਾਨ ਸੰਤੋਸ਼ ਅਰਸ਼ਾਦ ਤੇ ਰਾਜਵਨ ਪ੍ਰਸਾਦ ਆਦਿ ਮੌਜੂਦ ਸਨ।
