ਅੰਬਾਲਾ ’ਚ ਚਾਰੇ ਪਾਸੇ ਪਾਣੀ ਭਰਿਆ
ਡੀਸੀ ਨੇ ਦੱਸਿਆ ਕਿ ਦੋ ਦਿਨਾਂ ਦੀ ਬਰਸਾਤ ਤੇ ਪਹਾੜੀ ਇਲਾਕਿਆਂ ਤੋਂ ਪਾਣੀ ਆਉਣ ਕਾਰਨ ਟਾਂਗਰੀ, ਘੱਗਰ ਤੇ ਮਾਰਕੰਡਾ ਦਰਿਆਵਾਂ ਦਾ ਪਾਣੀ ਪੱਧਰ ਵਧ ਗਿਆ ਹੈ। ਰਾਤ ਕਰੀਬ 10 ਵਜੇ ਟਾਂਗਰੀ ਦਾ ਪਾਣੀ 43 ਹਜ਼ਾਰ ਕਿਊਸਿਕ ਤੱਕ ਪਹੁੰਚਣ ਕਾਰਨ ਨੀਵੇਂ ਇਲਾਕਿਆਂ ਤੇ ਉਦਯੋਗਿਕ ਖੇਤਰ ’ਚ ਓਵਰਫਲੋਅ ਹੋਇਆ। ਉਦਯੋਗਿਕ ਖੇਤਰ ’ਚ 6 ਤੋਂ 8 ਫੁੱਟ ਤੱਕ ਪਾਣੀ ਖੜ੍ਹਾ ਹੈ, ਰਿਹਾਇਸ਼ੀ ਇਲਾਕਿਆਂ ’ਚ ਵੀ ਪਾਣੀ ਭਰਿਆ ਹੈ। ਪੰਚਕੂਲਾ ਤੇ ਮੋਰਨੀ ਵਿੱਚ ਮੀਂਹ ਰੁਕਣ ਕਾਰਨ ਪਾਣੀ ਦਾ ਪੱਧਰ ਘਟ ਰਿਹਾ ਹੈ।
ਪ੍ਰਸ਼ਾਸਨ ਨੇ ਉਦਯੋਗਿਕ ਖੇਤਰ ’ਚੋਂ ਮਜ਼ਦੂਰਾਂ ਨੂੰ ਕੱਢਣ ਲਈ ਐੱਚਐੱਸਆਈਡੀਆਈਸੀ ਦੇ ਐਕਸੀਅਨ ਤੈਨਾਤ ਕਰਦਿਆਂ ਪੰਪ ਲਗਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਗਈ ਹੈ। ਘੱਗਰ ਦਾ ਪਾਣੀ ਖਤਰਨਾਕ ਪੱਧਰ ਤੋਂ ਇੱਕ ਫੁੱਟ ਥੱਲੇ ਆ ਗਿਆ ਹੈ।
ਡੀਸੀ ਨੇ ਘੱਗਰ ਤੇ ਟਾਂਗਰੀ ਦਰਿਆ, ਸ਼ੰਭੂ ਬਾਰਡਰ ਨੇੜੇ ਗੇਟਾਂ, ਲੋਹਗੜ੍ਹ-ਮਾਨਕਪੁਰ ਰੋਡ, ਐੱਨਐੱਚ-152ਡੀ ਡਡਿਆਣਾ, ਧੂਲਕੋਟ ਪਾਵਰ ਹਾਊਸ, ਸ਼ਾਹਪੁਰ-ਕੋਟ ਕਛਵਾ ਦਾ ਦੌਰਾ ਕੀਤਾ। ਐੱਸਡੀਆਰਐੱਫ, ਰੈਵਿਨਿਊ ਵਿਭਾਗ ਤੇ ਨਿੱਜੀ ਕਿਸ਼ਤੀਆਂ ਰਾਹੀਂ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਜਾਰੀ ਜਾਰੀ ਹਨ।