ਵੋਟ ਚੋਰੀ: ਕਾਂਗਰਸ ਵੱਲੋਂ ਮੋਮਬੱਤੀ ਮਾਰਚ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਥਿਤ ਵੋਟ ਚੋਰੀ ਦੇ ਖੁਲਾਸੇ ਮਗਰੋਂ ਹਰਿਆਣਾ ਦੀ ਰਾਜਨੀਤੀ ਵਿੱਚ ਹੱਲ-ਚੱਲ ਪੈਦਾ ਹੋ ਗਈ ਹੈ। ਵਿਰੋਧੀ ਧਿਰ ਨੇਤਾ ਤੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੱਲ੍ਹ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕੀਤੇ ਗਏ ਵੋਟ ਚੋਰੀ ਦੇ ਖੁਲਾਸੇ ਮਗਰੋਂ ਸ਼ਹਿਰ ਵਿੱਚ ਕਾਂਗਰਸ ਵਰਕਰਾਂ ਨੇ ਮੋਮਬੱਤੀ ਮਾਰਚ ਕੱਢ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮਾਰਚ ਦੀ ਅਗਵਾਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਕੀਤੀ। ਇਹ ਮੋਮਬੱਤੀ ਮਾਰਚ ਸ਼ਹਿਰ ਦੇ ਟਾਊਨਹਾਲ, ਫੁਹਾਰਾ ਚੌਕ ਤੋਂ ਸ਼ੁਰੂ ਹੋ ਕੇ ਪਾਲਿਕਾ ਬਾਜ਼ਾਰ, ਸਿਟੀ ਥਾਣਾ, ਗਾਂਧੀ ਗਲੀ ਅਤੇ ਐੱਸ ਡੀ ਸਕੂਲ ਰੋਡ ਤੋਂ ਹੁੰਦਾ ਹੋਇਆ ਰਾਣੀ ਤਲ੍ਹਾਬ ਸਥਿਤ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਕੋਲ ਪਹੁੰਚਿਆ, ਜਿੱਥੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਕੈਂਡਲ ਮਾਰਚ ਦੌਰਾਨ ਕਾਂਗਰਸੀ ਵਰਕਰਾਂ ਨੇ ਵੋਟ ਚੋਰ, ਗੱਦੀ ਛੋੜ, ਲੋਕ ਤੰਤਰ ਦੀ ਹੱਤਿਆ ਬੰਦ ਕਰੋ, ਦੇ ਨਾਅਰੇ ਲਾਏ ਅਤੇ ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਤੱਥ ਅਤੇ ਦਸਤਾਵੇਜ਼ ਲੋਕਾਂ ਸਾਹਮਣੇ ਰੱਖੇ ਹਨ, ਉਨ੍ਹਾਂ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਹੈ ਕਿ ਹਰਿਆਣਾ ਵਿੱਚ ਭਾਜਪਾ ਨੇ ਲੋਕਾਂ ਦੇ ਦੇ ਅਧਿਕਾਰਾਂ ਉੱਤੇ ਡਾਕਾ ਮਾਰ ਕੇ ਚੋਰੀ ਨਾਲ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਫਰਜ਼ੀ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਵਿੱਚ ਹੇਰਾ-ਫੇਰੀ ਦੇ ਸਬੂਤ ਸਾਹਮਣੇ ਆਉਣ ਮਗਰੋਂ ਭਾਜਪਾ ਦਾ ਸੱਤਾ ਵਿੱਚ ਬਣੇ ਰਹਿਣਾ ਲੋਕਤੰਤਰ ਦਾ ਅਪਮਾਨ ਹੈ।
