ਵਿੱਜ ਵੱਲੋਂ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਹਰਨੂਰ ਦਾ ਸਨਮਾਨ
ਸਰਬਜੀਤ ਸਿੰਘ ਭੱਟੀ
ਅੰਬਾਲਾ, 10 ਜੁਲਾਈ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਹਾਲ ਹੀ ਵਿੱਚ ਹੋਈ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਅੰਬਾਲਾ ਛਾਉਣੀ ਦੇ ਸ਼ਾਹਪੁਰ ਪਿੰਡ ਦੀ ਹਰਨੂਰ ਕੌਰ ਨੂੰ ਵਧਾਈ ਦਿੱਤੀ। ਵਿੱਜ ਨੇ ਅੱਜ ਆਪਣੇ ਨਿਵਾਸ ਸਥਾਨ ’ਤੇ ਖਿਡਾਰਨ ਦਾ ਤਗ਼ਮਾ ਪਾ ਕੇ ਸਨਮਾਨ ਕੀਤਾ ਅਤੇ ਹੌਸਲਾ-ਅਫਜ਼ਾਈ ਵਜੋਂ ਆਪਣੇ ਨਿੱਜੀ ਕੋਸ਼ ’ਚੋਂ 11 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ’ਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰੀ ਸਹੂਲਤਾਂ ਉਪਲਬਧ ਹਨ ਅਤੇ ਇਥੇ ਖੇਡਾਂ ਦਾ ਮਜ਼ਬੂਤ ਢਾਂਚਾ ਵੀ ਹੈ, ਜਿਸ ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦੇ ਪੂਰੇ ਮੌਕੇ ਮਿਲ ਰਹੇ ਹਨ। ਇਸ ਮੌਕੇ ਹਰਨੂਰ ਕੌਰ ਦੇ ਮਾਪੇ ਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਜ਼ਿਕਰਯੋਗ ਕਿ ਹਾਲ ਹੀ ਵਿੱਚ ਰੋਹਤਕ ’ਚ ਹੋਈ ਛੇਵੀਂ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਹਰਨੂਰ ਨੇ 66 ਕਿਲੋ ਵਰਗ ’ਚ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਮੁਕਾਬਲਿਆਂ ’ਚ ਅੰਬਾਲਾ ਦਾ ਨਾਂ ਰੋਸ਼ਨ ਕਰ ਚੁੱਕੀ ਹੈ।