ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਪੌਦੇ ਲਾਏ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਅੱਜ ‘ਏਕ ਪੇੜ ਏਕ ਜ਼ਿੰਦਗੀ’ ਮੁਹਿੰਮ ਤਹਿਤ ਆਪਣੀ ਰਿਹਾਇਸ਼ ’ਤੇ ਤੁਲਸੀ ਦੇ ਪੌੌਦੇ ਲਾਉਂਦਿਆਂ ਕਿਹਾ ਕਿ ਵਾਤਾਵਰਨ ਸੰਭਾਲ ਸਬੰਧੀ ਪਹਿਲਕਦਮੀ ਵਜੋਂ ਯੂਨੀਵਰਸਿਟੀ ਨੇ ਕਾਲਜਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਕੋਲੋਂ ਇਕ ਸਾਲ ਵਿਚ 75 ਹਜ਼ਾਰ ਪੌਦੇ ਲਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲਾ ਹਰ ਵਿਦਿਆਰਥੀ ਇਕ ਪੌਦਾ ਲਾਏਗਾ ਤੇ ਉਸ ਸਾਂਭ-ਸੰਭਾਲ ਕਰੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੁਦਰਤ ਦੀ ਸੰਭਾਲ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ। ਸਚਦੇਵਾ ਨੇ ਕਿਹਾ ਕਿ ਰੁੱਖ ਭਵਿੱਖ ਦਾ ਆਧਾਰ ਹਨ। ਸ਼ਹਿਰ ਵਿਚ ਜਿੰਨੇ ਜ਼ਿਆਦਾ ਰੁੱਖ ਲਾਏ ਜਾਣਗੇ, ਸ਼ਹਿਰ ਓਨਾ ਹੀ ਪ੍ਰਦੂਸ਼ਣ ਮੁਕਤ ਹੋਵੇਗਾ। ਜਿੰਨੀ ਜ਼ਿਆਦਾ ਹਰਿਆਲੀ ਹੋਵੇਗੀ, ਵਾਤਾਵਰਣ ਵੀ ਓਨਾ ਹੀ ਸਾਫ ਹੋਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਲਈ ਇਕ ਪੌਦਾ ਜ਼ਰੂਰ ਲਾਓ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਪੌਦੇ ਲਾਉਣ ਲਈ ਪ੍ਰੇਰਿਤ ਕਰੋ। ਉਨ੍ਹਾਂ ਕਿਹਾ ਕਿ ‘ਏਕ ਪੇੜ ਏਕ ਜ਼ਿੰਦਗੀ’ ਅਭਿਆਨ ਇਕ ਵਾਤਾਵਰਣ ਸੰਭਾਲ ਦੀ ਪਹਿਲ ਹੈ। ਉਨ੍ਹਾਂ ਕਿਹਾ, ‘ਜੇ ਅਸੀਂ ਦੁਨੀਆ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਵੇਗੀ।’ ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਡਾ ਮਮਤਾ ਸਚਦੇਵਾ, ਪ੍ਰੋ ਮਹਾਂ ਸਿੰਘ ਪੂਨੀਆ, ਵਰਿੰਦਰ ਕੁੰਡੂ ਤੇ ਹੋਰ ਹਾਜ਼ਰ ਸਨ।