ਵਰਣਿਕਾ ਕੁੰਡੂ ਛੇੜਛਾੜ ਮਾਮਲਾ: ਵਿਕਾਸ ਬਰਾਲਾ ਦੀ ਕਾਨੂੰਨ ਅਧਿਕਾਰੀ ਵਜੋਂ ਨਿਯੁਕਤੀ 'ਤੇ ਸਵਾਲ
ਅੱਠ ਸਾਲ ਪੁਰਾਣੇ ਛੇੜਛਾੜ ਮਾਮਲੇ ਦੀ ਕੇਂਦਰ ਵਿੱਚ ਰਹੀ ਵਰਣਿਕਾ ਕੁੰਡੂ ਨੇ ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੀ ਹਰਿਆਣਾ ’ਚ ਸਹਾਇਕ ਐਡਵੋਕੇਟ-ਜਨਰਲ (AAG) ਵਜੋਂ ਨਿਯੁਕਤੀ ’ਤੇ ਸਵਾਲ ਖੜ੍ਹੇ ਕੀਤੇ ਹਨ। ਬਰਾਲਾ, ਜਿਸ ਉੱਤੇ ਵਰਣਿਕਾ ਕੁੰਡੂ ਦਾ ਪਿੱਛਾ ਕਰਨ ਤੇ ਅਗਵਾ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਹੇਠ ਕੇਸ ਚੱਲ ਰਿਹਾ ਹੈ, ਨੂੰ ਹਰਿਆਣਾ ਦੇ ਸਹਾਇਕ ਐਡਵੋਕੇਟ-ਜਨਰਲ ਨਿਯੁਕਤ ਕੀਤਾ ਗਿਆ ਸੀ।
ਵਰਣਿਕਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕਈ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਲਿਖਿਆ ਕਿ ਕਿਸੇ ਨੂੰ ਜਨਤਕ ਅਹੁਦੇ ’ਤੇ ਨਿਯੁਕਤ ਕਰਨਾ ਸਿਰਫ਼ ਇੱਕ ਰਾਜਨੀਤਕ ਫੈਸਲਾ ਨਹੀਂ ਹੈ ਇਹ ਕਦਰਾਂ-ਕੀਮਤਾਂ ਅਤੇ ਮਿਆਰਾਂ ਦਾ ਪ੍ਰਤੀਬਿੰਬ ਹੈ। ਇਸ ਲਈ ਸ਼ਾਇਦ ਸਵਾਲ ਉਨ੍ਹਾਂ ਅਧਿਕਾਰੀਆਂ ਨੂੰ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਦੀ ਨੈਤਿਕਤਾ ਅਤੇ ਮਿਆਰਾਂ ਨੇ ਇਹ ਫੈਸਲਾ ਲੈਣ ਦੀ ਇਜਾਜ਼ਤ ਦਿੱਤੀ। ਸਾਡੇ ਨੀਤੀ ਨਿਰਮਾਤਾ ਦੇਸ਼ ਚਲਾਉਂਦੇ ਹਨ, ਬਾਕੀ ਅਸੀਂ ਸਿਰਫ਼ ਇਹ ਉਮੀਦ ਕਰ ਰਹੇ ਹਾਂ ਕਿ ਉਹ ਯਾਦ ਰੱਖਣ ਕਿ ਉਹ ਭਾਰਤੀ ਨਾਗਰਿਕਾਂ ਲਈ ਕੰਮ ਕਰਦੇ ਹਨ।
ਉਸ ਨੇ ਅੱਗੇ ਲਿਖਿਆ , "ਮੇੈਂ ਆਪਣੇ ਕੇਸ ਬਾਰੇ ਹੀ ਗੱਲ ਕਰਾਂਗੀ, ਕਈ ਮਹੀਨਿਆਂ ਦੀ ਕੌਮੀ ਮੀਡੀਆ ਦੇ ਧਿਆਨ ਦੇ ਬਾਵਜੁੂਜ ਇਹ ਲੰਮੇ ਸਮੇਂ ਤੋਂ ਲਟਕ ਰਿਹਾ 'ਤੇ ਤੱਕ ਚੱਲ ਰਿਹਾ। ਅਜੇ ਤੱਕ ਕਿਸੇ ਨਤੀਜੇ 'ਤੇ ਪਹੁੰਚਦੇ ਨਜ਼ਰ ਨਹੀਂ ਆ ਰਹੇ। ਫੈਸਲਾ ਆਉਣ ਤੱਕ ਮੈਨੁੂੰ ਨਿਆਂਪਾਲਿਕਾ 'ਤੇ ਪੂਰਾ ਵਿਸ਼ਵਾਸ ਹੈ ਪਰ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਮੇਰਾ ਵਿਸ਼ਵਾਸ਼ ਡਗਮਗਾ ਰਿਹਾ।"
ਵਿਕਾਸ ਅਤੇ ਉਸਦੇ ਸਾਥੀ ਆਸ਼ੀਸ਼ ਕੁਮਾਰ ’ਤੇ 2017 ਵਿੱਚ IAS ਅਧਿਕਾਰੀ ਵੀਐਸ ਕੁੰਡੂ ( ਸੇਵਾਮੁਕਤ) ਦੀ ਧੀ ਵਰਣਿਕਾ ਦਾ ਪਿੱਛਾ ਕਰਨ ਅਤੇ ਅਗਵਾ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਪਿਛਲੇ ਅੱਠ ਸਾਲਾਂ ਤੋਂ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਣੀ ਹੈ।