ਹਰਿਆਣਾ ਵਿਧਾਨ ਸਭਾ ’ਚ ਕਾਨੂੰਨ ਵਿਵਸਥਾ ਮਾਮਲੇ ’ਤੇ ਹੰਗਾਮਾ
ਆਤਿਸ਼ ਗੁਪਤਾ
ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਜ ਦੇ ਅੱਜ ਤੀਜੇ ਦਿਨ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਇਕ-ਦੂਜੇ ’ਤੇ ਨਿਸ਼ਾਨੇ ਸੇਧੇ। ਅੱਜ ਸਵੇਰੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਵਿਧਾਨ ਸਭਾ ਸਪੀਕਰ ਸਣੇ ਹੋਰ ਮੰਤਰੀ ਤੇ ਵਿਧਾਇਕ ਸਾਈਕਲਾਂ ’ਤੇ ਵਿਧਾਨ ਸਭਾ ਪਹੁੰਚੇ।
ਉਨ੍ਹਾਂ ਨਸ਼ਾ ਮੁਕਤ ਸਮਾਜ ਤੇ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਸਾਈਕਲਾਥੋਨ ਰਾਹੀਂ ਜਾਗਰੂਕ ਕੀਤਾ।
ਵਿਰੋਧੀ ਧਿਰ ਵੱਲੋਂ ਅੱਜ ਬਾਅਦ ਦੁਪਹਿਰ ਕੰਮ ਰੋਕੂ ਮਤਾ ਪੇਸ਼ ਕਰਦਿਆਂ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕਰਨ ਦੀ ਮੰਗ ਕੀਤੀ ਗਈ। ਸਪੀਕਰ ਨੇ ਮਤੇ ਨੂੰ ਪ੍ਰਵਾਨ ਕਰਦਿਆਂ ਚਰਚਾ ਸ਼ੁਰੂ ਕਰਵਾਈ ਤਾਂ ਵਿਰੋਧੀ ਧਿਰ ਨੇ ਭਿਵਾਨੀ ਵਿੱਚ 19 ਸਾਲਾ ਮਨੀਸ਼ਾ ਦੇ ਕਤਲ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਸੂਬੇ ਵਿੱਚ ਵੱਧ ਰਹੀਆਂ ਅਪਰਾਧ ਦੀਆਂ ਘਟਨਾਵਾਂ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਨਾਇਬ ਸੈਣੀ ਨੇ ਜਵਾਬ ਦਿੰਦਿਆਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਸਮੇਂ ਅਪਰੈਲ 2008 ਨੂੰ ਰੋਹਤਕ ਥਾਣੇ ਵਿੱਚ 5 ਪੁਲੀਸ ਮੁਲਾਜ਼ਮਾਂ ਵੱਲੋਂ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਇਸ ਤੋਂ ਬਾਅਦ ਪੀੜਤਾਂ ਨੂੰ ਇਨਸਾਫ਼ ਲਈ 40 ਦਿਨ ਭਟਕਣਾ ਪਿਆ ਸੀ। ਇਨਸਾਫ ਨਾ ਮਿਲਣ ਕਾਰਨ ਔਰਤ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮੌਕੇ ਦੋਵਾਂ ਧਿਰਾਂ ’ਚ ਤਕਰਾਰ ਹੋਈ ਤਾਂ ਕਾਂਗਰਸ ਪਾਰਟੀ ਦੇ ਵਿਧਾਇਕ ਵਾਕਆਊਟ ਕਰ ਗਏ। ਇਸ ਦੌਰਾਨ ਅੱਜ ਤਿੰਨ ਬਿਲ ਪਾਸ ਕੀਤੇ ਗਏ।
ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ’ਤੇ ਹੰਗਾਮਾ
ਅੱਜ ਪ੍ਰਸ਼ਨ ਕਾਲ ਦੌਰਾਨ ਸੂਬੇ ਵਿੱਚੋਂ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਕਾਂਗਰਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲ ਨੇ ਰਾਸ਼ਨ ਕਾਰਡ ਕੱਟੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਲਤ ਢੰਗ ਨਾਲ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ। ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਸਰਕਾਰ ਵੱਲੋਂ ਸਰਵੇਖਣ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸੈਣੀ ਨੇ ਦਖ਼ਲ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੀ ਆਮਦਨ ਨਿਯਮਾਂ ਅਨੁਸਾਰ ਵੱਧ ਜਾਂਦੀ ਹੈ, ਉਨ੍ਹਾਂ ਦਾ ਰਾਸ਼ਨ ਕਾਰਡ ਕੱਟ ਦਿੱਤਾ ਜਾਂਦਾ ਹੈ।