ਕੇਂਦਰੀ ਮੰਤਰੀ ਵੱਲੋਂ ਸਰਸਵਤੀ ਨਦੀ ਦੇ ਘਾਟ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਜੂਨ
ਕੇਂਦਰੀ ਰਾਜ ਮੰਤਰੀ ਐੱਸਪੀ ਬਘੇਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਰਸਵਤੀ ਬੋਰਡ ਸਰਸਵਤੀ ਨਦੀ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕਰ ਰਿਹਾ ਹੈ। ਕੇਂਦਰੀ ਰਾਜ ਮੰਤਰੀ ਅੱਜ ਝਾਂਸਾ ਰੋਡ ’ਤੇ ਸਰਸਵਤੀ ਨਦੀ ਦੇ ਘਾਟ ਦਾ ਦੌਰਾ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਰਸਵਤੀ ਨਦੀ ਨੂੰ ਮੁੜ ਸੁਰਜੀਤ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਸਰਸਵਤੀ ਬੋਰਡ ਦੇ ਉਪ ਚੇਅਰਮੈਨ ਧੁੰਮਣ ਸਿੰਘ ਕਿਰਮਚ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਸਰਕਾਰ ਦੇ ਯਤਨਾਂ ਸਦਕਾ ਸਰਸਵਤੀ ਵਿਚ ਦੁਬਾਰਾ ਪਾਣੀ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਾਚੀਨ ਸੱਭਿਅਤਾ ਨੂੰ ਉਜਾਗਰ ਕਰ ਰਹੀ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਤੱਕ ਸਰਸਵਤੀ ਬੋਰਡ ਨਦੀ ਨੂੰ ਸੁਰਜੀਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨਦੀਆਂ ਲਈ ਅਜਿਹੇ ਬੋਰਡ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਨਦੀਆਂ ਨੂੰ ਇਕ ਨਵੀਂ ਦਿਸ਼ਾ ਮਿਲ ਸਕੇ। ਉਪ ਪ੍ਰਧਾਨ ਧੁੰਮਣ ਸਿੰਘ ਕਿਰਮਚ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਨਦੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਹਰਿਆਣਾ ਇਸ ਵਿਚ ਮੋਹਰੀ ਹੈ ਕਿਉਂਕਿ ਹੁਣ ਸਰਸਵਤੀ ਤੇ ਯਮੁਨਾ ਦੋਵੇਂ ਨਦੀਆਂ ਹਰਿਆਣਾ ’ਚ ਵਗ ਰਹੀਆਂ ਹਨ।