ਬੀਘੜ ਦੀ ਜ਼ਮੀਨ ਤੇ ਅਧੂਰੇ ਕਾਲਜ ਨੇ ਸਿੱਖ ਸਿਆਸਤ ਗਰਮਾਈ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਦੇ ਬੀਘੜ ਵਿੱਚ ਸੈਂਕੜੇ ਏਕੜ ਜ਼ਮੀਨ ਦਾ ਮਾਮਲਾ ਤੇ ਉੱਥੇ ਅਧੂਰੇ ਕਾਲਜ ਨੂੰ ਲੈ ਕੇ ਦਿੱਲੀ ਦੀ ਸਿੱਖ ਸਿਆਸਤ ਗਰਮਾ ਗਈ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ’ਤੇ ਬੀਘੜ ਵਿੱਚ ਬੀਤੇ ਦਿਨ ਹੁੱਲੜਬਾਜ਼ੀ ਕਰਨ ਅਤੇ ਉੱਥੇ ਤਾਇਨਾਤ ਸੇਵਾਦਾਰ ਨੂੰ ਅਪਸ਼ਬਦ ਬੋਲਣ ਦਾ ਦੋਸ਼ ਲਾਇਆ।
ਦੋਵਾਂ ਆਗੂਆਂ ਨੇ 1998 ਦੇ ਇੱਕ ਪੱਤਰ ਦਾ ਹਵਾਲਾ ਦਿੱਤਾ ਜਿਸ ਵਿੱਚ ਤਤਕਾਲੀ ਆਗੂ ਜਸਵੰਤ ਸਿੰਘ ਸੇਠੀ ਨੇ ਉਕਤ ਕਾਲਜ ਬਣਾਉਣ ਬਾਰੇ ਆਪਣੀ ਰਾਇ ਵਿੱਚ ਕਿਹਾ ਸੀ ਕਿ ਉਹ ਲਾਹੇਵੰਦ ਨਹੀਂ ਹੋਵੇਗਾ। ਉਸ ਪੱਤਰ ਵਿੱਚ ਦਿੱਲੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵੀ ਘਾਟੇ ਵਿੱਚ ਰਹਿਣ ਦੇ ਤੱਥ ਦਿੱਤੇ ਗਏ ਸਨ। ਸ੍ਰੀ ਕਾਲਕਾ ਨੇ ਕਿਹਾ ਕਿ ਇਸ ਦੇ ਬਾਵਜੂਦ ਸਰਨਾ ਧੜੇ ਨੇ ਉਹ ਕਾਲਜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ 1995 ਤੋਂ 2013 ਤੱਕ ਸਰਨਾ ਧੜਾ ਅਤੇ ਬਾਦਲ ਧੜੇ ਦੀਆਂ ਕਮੇਟੀਆਂ ਸਨ। ਉਸ ਪੱਤਰ ਵਿੱਚ ਦਿੱਲੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਵਾਧੂ ਸਟਾਫ਼ ਭਰਤੀ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਸਬੰਧੀ ਮਨਜੀਤ ਸਿੰਘ ਜੀ ਕੇ ਵੀ ਸਰਨਾ ਧੜੇ ’ਤੇ ਆਪਣੇ ਕਾਰਜਕਾਲ ਦੌਰਾਨ ਦੋਸ਼ ਲਾਉਂਦੇ ਆਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਸਰਨਾ ਨੇ ਉੱਥੇ ਅਪਸ਼ਬਦ ਵਰਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੈ। ਦੋਵਾਂ ਆਗੂਆਂ ਨੇ ਜੀਕੇ ਅਤੇ ਸਰਨਾ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਅਤੇ ਧਾਰਮਿਕ ਕਾਰਵਾਈ ਕੀਤੀ ਜਾਵੇਗੀ।
ਸਿੱਖ ਸੰਸਥਾਵਾਂ ਨੂੰ ਬਰਬਾਦ ਕਰ ਰਹੇ ਨੇ ਕੁੱਝ ਆਗੂ: ਸਰਨਾ
ਪਰਮਜੀਤ ਸਿੰਘ ਸਰਨਾ ਨੇ ਬਿਆਨ ਵਿੱਚ ਕਿਹਾ ਕਿ ਜਦੋਂ ਉਹ ਕੱਲ੍ਹ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਪਬਲਿਕ ਸਕੂਲ ਦੇਖਣ ਗਏ ਤਾਂ ਬਹੁਤ ਦੁੱਖ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕਮੇਟੀ ਨੂੰ ਜੋਕਾਂ ਵਾਂਗ ਚੁੰਬੜੇ ਬੈਠੇ ਕੁੱਝ ਆਗੂਆਂ ਨੇ ਜਿਸ ਤਰ੍ਹਾਂ ਦਿੱਲੀ ਅੰਦਰ ਸਿੱਖ ਸੰਸਥਾਵਾਂ ਨੂੰ ਬਰਬਾਦ ਕੀਤਾ ਹੈ। ਉਹੀ ਹਾਲਤ ਹਰਿਆਣਾ ਵਿੱਚ ਸਥਿਤ ਇਸ ਸੰਸਥਾ ਦੀ ਕੀਤੀ ਹੈ ਜੋ ਹੁਣ ਖੰਡਰ ਬਣਦੀ ਜਾ ਰਹੀ ਹੈ। ਮਨਜੀਤ ਸਿੰਘ ਜੀ ਕੇ ਨੇ ਵੀ ਉੱਥੋਂ ਦੇ ਹਾਲਾਤ ਬਾਰੇ ਦੱਸਿਆ।
ਮੁੜ ਪ੍ਰਧਾਨ ਚੁਣੇ ਜਾਣ ’ਤੇ ਹਰਮੀਤ ਕਾਲਕਾ ਦਾ ਸਵਾਗਤ
ਨਵੀਂ ਦਿੱਲੀ (ਕੁਲਦੀਪ ਸਿੰਘ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗਲੀ ਨੰਬਰ 7, ਗੋਬਿੰਦਪੁਰੀ ਨਵੀਂ ਦਿੱਲੀ ਵੱਲੋਂ ਹਰਮੀਤ ਸਿੰਘ ਕਾਲਕਾ ਦਾ ਲਗਾਤਾਰ ਦੂਜੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਬੰਧੀ ਕਰਵਾਏ ਸਮਾਹੋਰ ਵਿੱਚ ਹਲਕੇ ਦੀਆਂ ਸਮੂਹ ਸਿੰਘ ਸਭਾਵਾਂ, ਸਿੱਖ ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਿੱਸਾ ਲਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਾਜਿੰਦਰ ਸਿੰਘ, ਖਜ਼ਾਨਚੀ ਅਜੈਪਾਲ ਸਿੰਘ, ਮੀਤ ਖਜ਼ਾਨਚੀ ਕੁਲਦੀਪ ਸਿੰਘ ਅਤੇ ਸਮੂਹ ਮੈਂਬਰਾਂ ਨੇ ਹਰਮੀਤ ਕਾਲਕਾ ਦਾ ਸਵਾਗਤ ਕੀਤਾ। ਹਰਦੀਪ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਸਾਲ 2013 ਤੋਂ ਬਤੌਰ ਮੈਂਬਰ ਸ਼ੁਰੂ ਕਰਕੇ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ, ਦਿੱਲੀ ਕਮੇਟੀ ਦੇ ਮੀਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ। ਹਰਮੀਤ ਸਿੰਘ ਕਾਲਕਾ ਨੇ ਗਲੀ ਨੰਬਰ 7, ਗੋਬਿੰਦਪੁਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸ਼ਮੇਸ਼ ਪਬਲਿਕ ਸਕੂਲ ਦੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਸਰਬੱਤ ਸੰਗਤਾਂ ਦੇ ਪਿਆਰ, ਸਤਿਕਾਰ ਤੇ ਭਰੋਸੇ ਸਦਕੇ ਉਹ ਤਿੰਨ ਵਾਰ ਹਲਕਾ ਕਾਲਕਾ ਜੀ ਤੋਂ ਦਿੱਲੀ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਇਸ ਮੁਕਾਮ ਤੱਕ ਪਹੁੰਚੇ ਹਨ। ਇਸ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਦੇ ਚੇਅਰਮੈਨ ਤੇ ਮੈਨੇਜਰ ਸਤਨਾਮ ਸਿੰਘ ਸੱਤਾ, ਕਮਲਜੀਤ ਸਿੰਘ ਪਰਦੇਸੀ, ਸਤਪਾਲ ਸਿੰਘ ਗਿੱਲ, ਗੁਲਜੀਤ ਸਿੰਘ ਗੁੱਲੂ, ਸੰਗਤ ਸਿੰਘ, ਜਸਵਿੰਦਰ ਸਿੰਘ ਦੇਵਗਨ, ਸਤਨਾਮ ਸਿੰਘ ਮਾਰਵਾਹ, ਗੁਰਦੀਪ ਸਿੰਘ ਬਿੱਟੂ, ਦਸ਼ਮੇਸ਼ ਪਬਲਿਕ ਸਕੂਲ ਦੀ ਮੁਖੀ ਜਗਜੋਤ ਕੌਰ, ਜਸਵਿੰਦਰ ਕੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਗਤ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਮਾਤਾ ਖੀਵੀ ਸਭਾ ਤੋਂ ਬੀਬੀ ਚਰਨਜੀਤ ਕੌਰ, ਜਗਜੀਤ ਕੌਰ, ਸੁਖਮਨੀ ਸੁਸਾਇਟੀ ਤੋਂ ਸੁਖਦੇਵ ਸਿੰਘ, ਹਰਚਰਨ ਸਿੰਘ ਰਾਜਾ, ਗੁਰਦੀਪ ਸਿੰਘ ਬੰਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।