ਹਾਦਸੇ ਵਿੱਚ ਦੋ ਨੌਜਵਾਨ ਹਲਾਕ
ਪਿਹੋਵਾ-ਕੁਰੂਕਸ਼ੇਤਰ ਰੋਡ ’ਤੇ ਪਿੰਡ ਮੁਕੀਮਪੁਰਾ ਨੇੜੇ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਪਿਹੋਵਾ ਤੋਂ ਕੁਰੂਕਸ਼ੇਤਰ ਜਾ ਰਹੇ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਕੱਪੜਿਆਂ ਤੋਂ ਉਨ੍ਹਾਂ ਦੀ ਪਛਾਣ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਮੋਹਨਪੁਰ ਪਿੰਡ ਦੇ ਰਹਿਣ ਵਾਲੇ ਆਲੋਕ ਬਾਬੂ (21) ਅਤੇ ਉਸ ਦੇ ਦੋਸਤ ਪਾਰਥ ਉਰਫ਼ ਗੋਲੂ (20) ਪਿਹੋਵਾ ਵਜੋਂ ਹੋਈ ਹੈ। ਆਲੋਕ ਅਤੇ ਗੋਲੂ ਕੁਰੂਕਸ਼ੇਤਰ ਦੇ ਇੱਕ ਆਈਲੈਟਸ ਸੈਂਟਰ ਵਿੱਚ ਪੀਟੀਈ ਦਾ ਕੋਰਸ ਕਰ ਰਹੇ ਸਨ। ਦੋਵੇਂ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਆਲੋਕ ਸਵੇਰੇ 7:30 ਵਜੇ ਦੇ ਕਰੀਬ ਆਪਣੇ ਸਾਈਕਲ ’ਤੇ ਸੈਂਟਰ ਜਾਣ ਲਈ ਘਰੋਂ ਨਿਕਲਿਆ। ਉਹ ਆਪਣੇ ਦੋਸਤ ਗੋਲੂ ਨੂੰ ਰਸਤੇ ਵਿੱਚ ਆਪਣੇ ਨਾਲ ਲੈ ਗਿਆ। ਸਵੇਰੇ 9 ਵਜੇ ਦੇ ਕਰੀਬ ਕੁਰੂਕਸ਼ੇਤਰ ਰੋਡ ’ਤੇ ਮੁਕੀਮਪੁਰਾ ਪਿੰਡ ਦੇ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸੜਕ ’ਤੇ ਡਿੱਗਦੇ ਹੀ ਟਰੱਕ ਨੇ ਉਨ੍ਹਾਂ ਦੋਵਾਂ ਨੂੰ ਦਰੜ ਦਿੱਤਾ। ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣ ਕੀਤੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ। ਪੁਲੀਸ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਆਲੋਕ ਦੇ ਪਿਤਾ ਸੁਖਵੰਤ ਸਿੰਘ ਨੇੜਲੇ ਪਿੰਡ ਕਰਾਹ ਸਾਹਿਬ ਵਿੱਚ ਇੱਕ ਮੈਡੀਕਲ ਸਟੋਰ ਦੇ ਮਾਲਕ ਹਨ। ਕੁਝ ਦਿਨ ਪਹਿਲਾਂ ਸੁਖਵੰਤ ਸਿੰਘ ਲੜਾਈ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹੋਏ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਦੋਂ ਤੋਂ ਹੀ ਬਿਸਤਰੇ ’ਤੇ ਪਏ ਹਨ। ਗੋਲੂ ਦੇ ਪਿਤਾ ਦੀਪਕ ਕੁਮਾਰ ਕੇਬਲ ਇੰਜੀਨੀਅਰ ਵਜੋਂ ਕੰਮ ਕਰਦੇ ਹਨ।
