ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਦੇ ਨਾਮ ’ਤੇ 8 ਲੱਖ ਦਾ ਧੋਖਾ, ਦੋ ਭੈਣਾਂ ਗ੍ਰਿਫ਼ਤਾਰ
ਇੱਥੋਂ ਦੇ ਸੈਕਟਰ 82 ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਇੰਸਟਾਗ੍ਰਾਮ ’ਤੇ ਇੱਕ ਸੁਨੇਹਾ ਮਿਲਿਆ। ਇਸ ਵਿੱਚ ਉਸ ਨੂੰ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਬਾਰੇ ਪੁੱਛਿਆ ਗਿਆ ਅਤੇ ਫਿਰ ਉਸ ਨੂੰ ਮੋਰਗਨ ਏਂਜਲ ਪਾਇਨੀਅਰ ਫੋਰਮ-94 ਨਾਮ ਦੇ ਵਟਸਐਪ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ। ਜਿੱਥੇ ਲੋਕ ਆਪਣੇ ਰੋਜ਼ਾਨਾ ਦੇ ਮੁਨਾਫ਼ੇ ਦੀਆਂ ਤਸਵੀਰਾਂ ਪੋਸਟ ਕਰਦੇ ਸਨ। ਇਸ ਕਾਰਨ ਉਸ ਨੂੰ ਲਾਲਚ ਦਿੱਤਾ ਗਿਆ ਅਤੇ ਨਿਵੇਸ਼ ਕਰਨ ਦੀ ਗੱਲ ਕੀਤੀ ਗਈ ਅਤੇ ਉਸ ਨੂੰ ਇੱਕ ਲਿੰਕ ਭੇਜ ਕੇ ਟਰੇਡਿੰਗ ਖਾਤਾ ਖੋਲ੍ਹਿਆ ਗਿਆ। ਮਗਰੋਂ ਉਸ ਨੇ ਉਨ੍ਹਾਂ ਵੱਲੋਂ ਦੱਸੇ ਗਏ ਖਾਤੇ ਵਿੱਚ ਨਿਵੇਸ਼ ਲਈ ਕੁੱਲ 8 ਲੱਖ ਰੁਪਏ ਭੇਜ ਦਿੱਤੇ, ਜਿਸ ਦੇ ਬਦਲੇ ਉਸ ਨੂੰ ਕੋਈ ਪੈਸਾ ਵਾਪਸ ਨਹੀਂ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਥਾਣਾ ਸੈਂਟਰਲ ਦੀ ਟੀਮ ਨੇ ਕਾਰਵਾਈ ਕਰਦਿਆਂ ਦੋ ਭੈਣਾਂ ਪੂਜਾ ਸਿੰਘ (36) ਵਾਸੀ ਕਮਲਾ ਕਲੋਨੀ ਛੱਤਰਪੁਰ ਮੱਧ ਪ੍ਰਦੇਸ਼, ਮੌਜੂਦਾ ਵਾਸੀ ਪਟੇਲ ਨਗਰ, ਗੁਰੂਗ੍ਰਾਮ ਅਤੇ ਆਰਤੀ (40) ਵਾਸੀ ਸ਼ਕਤੀ ਅਪਾਰਟਮੈਂਟ ਦਵਾਰਕਾ ਸੈਕਟਰ-5 ਦਿੱਲੀ, ਮੌਜੂਦਾ ਵਾਸੀ ਸਨਰਾਈਜ਼ ਅਪਾਰਟਮੈਂਟ ਰਾਜਨਗਰ, ਪਾਲਮ ਕਲੋਨੀ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਭੈਣਾਂ ਨੇ ਇੱਕ ਫਰਮ ਦੇ ਨਾਮ ’ਤੇ ਖਾਤਾ ਖੋਲ੍ਹਿਆ ਸੀ ਜਿਸ ਵਿੱਚ 2,00,000/- ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਉਨ੍ਹਾਂ ਨੇ ਅੱਗੇ ਆਪਣਾ ਖਾਤਾ ਕਿਸੇ ਨੂੰ ਦੇ ਦਿੱਤਾ। ਪੂਜਾ ਨੂੰ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਲਿਆ ਗਿਆ ਹੈ।