ਲਾਵਾਰਸ ਪਸ਼ੂਆਂ ਕਾਰਨ ਹਾਦਸਿਆਂ ’ਚ ਦੋ ਹਲਾਕ
ਮਿਲੀ ਜਾਣਕਾਰੀ ਅਨੁਸਾਰ ਇੱਕ ਐਂਬੂਲੈਂਸ ਪਟਿਆਲਾ ਤੋਂ ਬੁਢਲਾਡਾ ਮਰੀਜ਼ ਛੱਡ ਕੇ ਵਾਪਸ ਪਟਿਆਲਾ ਵੱਲ ਜਾ ਰਹੀ ਸੀ ਤਾਂ ਬੁਢਲਾਡਾ ਰੋਡ ’ਤੇ ਬਿਜਲੀ ਗਰਿੱਡ ਨੇੜੇ ਸੜਕ ’ਤੇ ਫਿਰ ਰਹੇ ਅਵਾਰਾ ਪਸ਼ੂ ਨਾਲ ਅਚਾਨਕ ਐਂਬੂਲੈਂਸ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਚਾਲਕ ਰਜਤ ਕੁਮਾਰ ਵਾਸੀ ਪਟਿਆਲਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਭੀਖੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ ’ਤੇ ਬੀਐੱਨਐੱਸ 194 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਉਧਰ ਪਿੰਡ ਸੇਖਵਾਂ ਚੱਠੇ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਨਛੱਤਰ ਕੌਰ ਨਾਲ ਬੁਲੇਟ-ਮੋਟਰਸਾਈਕਲ ’ਤੇ ਭੀਖੀ ਤੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਡਰੇਨ ਦੇ ਪੁਲ ਕੋਲ ਮੋਟਰਸਾਈਕਲ ਅੱਗੇ ਲਾਵਾਰਿਸ ਪਸ਼ੂ ਆਉਣ ਕਾਰਨ ਹਾਦਸਾ ਵਾਪਰ ਗਿਆ, ਜਿਸ ਦੌਰਾਨ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਈ ਮਾਂ-ਪੁੱਤਰ ਨੂੰ ਸਿਵਲ ਹਸਪਤਾਲ ਮਾਨਸਾ ਇਲਾਜ ਲਈ ਲਿਆਂਦਾ ਗਿਆ, ਜਿੱਥੇ ਨਛੱਤਰ ਕੌਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਅੰਮ੍ਰਿਤਪਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਥਾਣਾ ਭੀਖੀ ਪੁਲੀਸ ਨੇ ਮ੍ਰਿਤਕ ਨਛੱਤਰ ਕੌਰ ਦੇ ਪਤੀ ਬਲਦੇਵ ਸਿੰਘ ਦੇ ਬਿਆਨਾਂ ’ਤੇ ਬੀਐੱਨਐੱਸ 194 ਤਹਿਤ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।