ਭੰਨ-ਤੋੜ ਤੇ ਧਮਕਾਉਣ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੁਲੀਸ ਸੁਪਰਡੈਂਟ ਸ੍ਰੀ ਸਿਧਾਂਤ ਜੈਨ ਦੀ ਅਗਵਾਈ ਹੇਠ ਅਪਰਾਧੀਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਰਤੀਆ ਸਿਟੀ ਪੁਲੀਸ ਨੇ ਦੋ ਹੋਰ ਮੁਲਜ਼ਮਾਂ ਰਣਦੀਪ ਸਿੰਘ ਉਰਫ਼ ਕਰਨ ਵਾਸੀ ਵਾਰਡ ਨੰਬਰ 12 ਰਤੀਆ ਅਤੇ ਅਭਿਸ਼ੇਕ ਵਾਸੀ ਵਾਰਡ ਨੰਬਰ 17 ਲਾਲੀ ਰੋਡ ਰਤੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਦਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਦਿੰਦੇ ਹੋਏ ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਗੰਗਾਰਾਮ ਵਾਸੀ ਪਿੰਡ ਰੱਤਾਖੇੜਾ, ਜੋ ਕਿ ਮੌਜੂਦਾ ਸਮੇਂ ਵਾਰਡ ਨੰਬਰ 12 ਅਰੋੜਾ ਕਲੋਨੀ ਰਤੀਆ ਦਾ ਰਹਿਣ ਵਾਲਾ ਹੈ, ਵੱਲੋਂ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਉਹ ਅਤੇ ਉਸ ਦਾ ਦੋਸਤ ਦਰਸ਼ਨ ਸਿੰਘ ਵਾਸੀ ਪਿੰਡ ਅਲੀਕਾ, ਜੋ ਕਿ ਮੌਜੂਦਾ ਸਮੇਂ ਰਤੀਆ ਦਾ ਰਹਿਣ ਵਾਲਾ ਹੈ, ਦੋਵੇਂ ਇੱਕ ਸੰਗੀਤ ਸਮੂਹ ਵਿੱਚ ਇਕੱਠੇ ਕੰਮ ਕਰਦੇ ਹਨ ਅਤੇ ਅਰੋੜਾ ਕਲੋਨੀ ਵਿੱਚ ਕਿਰਾਏ ਦੇ ਬੰਗਲੇ ਵਿੱਚ ਰਹਿੰਦੇ ਹਨ। 21 ਫਰਵਰੀ 2024 ਨੂੰ ਸ਼ਾਮ 6 ਵਜੇ ਦੇ ਕਰੀਬ, ਵਾਰਡ ਨੰਬਰ 12, ਟਿੱਬਾ ਕਲੋਨੀ ਰਤੀਆ ਦੇ ਰਹਿਣ ਵਾਲੇ ਗੰਗਾਰਾਮ ਅਤੇ ਮਲਕੀਤ ਉਰਫ਼ ਰੋਡਾ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ। ਉਸੇ ਦਿਨ ਰਾਤ ਦਸ ਵਜੇ ਦੇ ਕਰੀਬ ਮਲਕੀਤ ਉਰਫ਼ ਰੋਡਾ ਆਪਣੇ ਸਾਥੀਆਂ ਸਮੇਤ ਸ਼ਿਕਾਇਤਕਰਤਾ ਦੇ ਘਰ ਪਹੁੰਚਿਆ। ਸਾਰੇ ਮੁਲਜ਼ਮ ਹਥਿਆਰਾਂ, ਡੰਡਿਆਂ ਅਤੇ ਇੱਟਾਂ ਨਾਲ ਲੈਸ ਸਨ। ਮੁਲਜ਼ਮਾਂ ਨੇ ਘਰ ਦਾ ਮੁੱਖ ਗੇਟ ਤੋੜ ਕੇ ਅੰਦਰ ਦਾਖਲ ਹੋ ਕੇ ਵਾਸ਼ਿੰਗ ਮਸ਼ੀਨ, ਫਰਿੱਜ, ਦਰਵਾਜ਼ੇ ਖਿੜਕੀਆਂ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਸਾਥੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸੇ ਮਾਮਲੇ ਵਿੱਚ ਪੁਲੀਸ ਨੇ ਜਾਂਚ ਦੌਰਾਨ ਹੁਣ ਤੱਕ ਦਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਮਾਮਲੇ ਵਿੱਚ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।