ਧੋਖਾਧੜੀ ਮਾਮਲੇ ’ਚ ਦੋ ਗ੍ਰਿਫ਼ਤਾਰ
ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਕਈ ਅਪਰਾਧਾਂ ਦੇ ਮਾਮਲੇ ਵਿੱਚ, ਖਾਸ ਕਰ ਕੇ ਧੋਖਾਧੜੀ ਅਤੇ ਝੂਠੀਆਂ ਸ਼ਿਕਾਇਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਰਤੀਆ ਸਿਟੀ ਪੁਲੀਸ ਸਟੇਸ਼ਨ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਤੀਆ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਗਵਿੰਦਰ ਸਿੰਘ ਵਾਸੀ ਪਿੰਡ ਬ੍ਰਾਹਮਣਵਾਲਾ ਪਲਾਟ ਨੇ ਦੋਸ਼ ਲਗਾਇਆ ਕਿ ਪਰਵਿੰਦਰ ਕੌਰ ਉਰਫ ਪੂਜਾ ਪਿੰਡ ਮੀਰਾਣਾ ਅਤੇ ਹਰੀ ਸਿੰਘ ਨੇ ਉਸ ਨਾਲ ਧੋਖਾ ਕੀਤਾ ਹੈ। ਸ਼ਿਕਾਇਤ ਅਨੁਸਾਰ 17 ਸਤੰਬਰ ਨੂੰ ਮੁਲਜ਼ਮ ਔਰਤ ਨੇ ਉਸ ਵਿਰੁੱਧ ਛੇੜਛਾੜ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ 20 ਸਤੰਬਰ ਨੂੰ ਇੱਕ ਪੰਚਾਇਤ ਮੀਟਿੰਗ ਦੌਰਾਨ, ਉਸ ’ਤੇ ਸਮਝੌਤੇ ਦੇ ਨਾਂ ’ਤੇ 42 ਹਜ਼ਾਰ ਰੁਪਏ ਦੇਣ ਲਈ ਦਬਾਅ ਪਾਇਆ ਗਿਆ। ਸ਼ਿਕਾਇਤਕਰਤਾ ਕੋਲ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਹੈ। ਸ਼ਿਕਾਇਤ ਦੇ ਆਧਾਰ ’ਤੇ ਰਤੀਆ ਸਿਟੀ ਪੁਲੀਸ ਸਟੇਸ਼ਨ ਨੇ ਐੱਫ ਆਈ ਆਰ ਦਰਜ ਕਰ ਕੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲੀਸ ਨੇ ਮੁਲਜ਼ਮ ਔਰਤ ਪਰਵਿੰਦਰ ਕੌਰ ਉਰਫ ਪੂਜਾ ਅਤੇ ਹਰੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਹੋਰ ਖੁਲਾਸੇ ਕਰਨ ਲਈ ਪੁਲੀਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਮੁਲਜ਼ਮਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਪੜਤਾਲ ਦੇ ਆਧਾਰ ’ਤੇ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਰਤੀਆ ਪੁਲੀਸ ਨੇ ਧੋਖਾਧੜੀ ਦੇ ਕਈ ਮਾਮਲਿਆਂ ਵਿੱਚ ਕਾਰਵਾਈ ਕਰ ਕੇ ਖੁਲਾਸੇ ਕੀਤੇ ਹਨ। ਉਕਤ ਮਾਲਮੇ ਵਿੱਚ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।