ਲੱਖਾਂ ਰੁਪਏ ਦੀ ਧੋਖਾਧੜੀ ਮਾਮਲੇ ’ਚ ਦੋ ਗ੍ਰਿਫ਼ਤਾਰ
ਸਾਈਬਰ ਥਾਣਾ ਐੱਨਆਈਟੀ ਫਰੀਦਾਬਾਦ ਟੀਮ ਨੇ ਨਿਵੇਸ਼ ਦੇ ਨਾਮ ’ਤੇ 57,41,500 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਾਬਾਦ ਦੇ ਸੈਨਿਕ ਕਲੋਨੀ ਦੇ ਇੱਕ ਵਿਅਕਤੀ ਨੇ ਸਾਈਬਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਨਿਵੇਸ਼ ਲਈ ਟੈਲੀਗ੍ਰਾਮ ’ਤੇ ਇੱਕ ਸੁਨੇਹਾ ਭੇਜਿਆ ਗਿਆ ਅਤੇ ਉਸ ਦੇ ਨਾਲ ਇੱਕ ਲਿੰਕ ਸਾਂਝਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਪਹਿਲਾਂ 45,000 ਰੁਪਏ ਨਿਵੇਸ਼ ਕੀਤੇ ਅਤੇ ਤਸਦੀਕ ਕਰਨ ਲਈ, ਉਸ ਨੂੰ ਪੈਸੇ ਕਢਵਾਉਣ ਲਈ ਕਿਹਾ ਗਿਆ ਜੋ ਉਸ ਦੇ ਖਾਤੇ ਵਿੱਚ ਜਮ੍ਹਾ ਸਨ। ਫਿਰ ਉਸ ਨੇ ਵੱਖ-ਵੱਖ ਖਾਤਿਆਂ ਤੋਂ ਕੁੱਲ 57,41,500 ਰੁਪਏ ਧੋਖਾਧੜੀ ਕਰਨ ਵਾਲਿਆਂ ਵੱਲੋਂ ਨਿਵੇਸ਼ ਲਈ ਦੱਸੇ ਗਏ ਖਾਤੇ ਵਿੱਚ ਭੇਜ ਦਿੱਤੇ। ਜਦੋਂ ਉਹ ਪੂੰਜੀ ਕਢਵਾਉਣ ਗਿਆ ਤਾਂ ਉਸ ਤੋਂ ਆਮਦਨ ਕਰ, ਜੀਐੱਸਟੀ, ਸੈਟਲਮੈਂਟ ਮਨੀ ਦੇ ਨਾਂ ’ਤੇ 20 ਲੱਖ ਰੁਪਏ ਹੋਰ ਮੰਗੇ ਗਏ, ਜਿਸ ਕਾਰਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਸ਼ਿਕਾਇਤ ’ਤੇ ਸਬੰਧਤ ਧਾਰਾਵਾਂ ਵਿੱਚ ਕੇਸ ਦਰਜ ਕੀਤਾ ਗਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਮਨੋਜ (47) ਵਾਸੀ ਐੱਸਜੀਐਮ ਨਗਰ, ਫਰੀਦਾਬਾਦ ਅਤੇ ਅਫਜ਼ਲ ਅਲੀ (41) ਵਾਸੀ ਕੁਰੈਸ਼ੀਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਮਨੋਜ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਕਿ ਅਫਜ਼ਲ ਅਲੀ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।