ਨਜਫ਼ਗੜ੍ਹ ਦੋਹਰਾ ਕਤਲ ਕੇਸ: ਗੁਰੂਗ੍ਰਾਮ ਵਿਚ ਵੱਡੇ ਤੜਕੇ ਪੁਲੀਸ ਮੁਕਾਬਲੇ ’ਚ ਦੋ ਮੁਲਜ਼ਮ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ਵਿਚ ਇਕ ਮੁਕਾਬਲੇ ਦੌਰਾਨ ਨਜਫ਼ਗੜ੍ਹ ਦੋਹਰੇ ਕਤਲ ਕੇਸ ਵਿਚ ਲੋੜੀਂਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਜਾਖੜ (29) ਵਾਸੀ ਛਾਵਲਾ ਤੇ ਜਤਿਨ ਰਾਜਪੂਤ (21) ਵਾਸੀ ਦਵਾਰਕਾ ਮੋੜ ਵਜੋਂ ਹੋਈ ਹੈ। ਦਿੱਲੀ ਪੁਲੀਸ ਤੇ ਗੁਰੂਗ੍ਰਾਮ ਪੁਲੀਸ ਨੇ ਇਸ ਸਾਂਝੀ ਕਾਰਵਾਈ ਨੂੰ ਤੜਕੇ ਸਾਢੇ ਚਾਰ ਵਜੇ ਅੰਜਾਮ ਦਿੱਤਾ। ਕਾਬੂ ਕੀਤੇ ਮੁਲਜ਼ਮ ਦਿੱਲੀ ਦੇ ਨਜਫ਼ਗੜ੍ਹ ਵਿਚ 4 ਜੁਲਾਈ ਨੂੰ ਨੀਰਜ ਤਹਿਲਾਨ ਦੇ ਕਤਲ ਵਿਚ ਕਥਿਤ ਸ਼ਾਮਲ ਸਨ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਛੇ ਦੇ ਕਰੀਬ ਰੌਂਦ ਫਾਇਰ ਕੀਤੇ। ਇਨ੍ਹਾਂ ਵਿਚੋਂ ਇਕ ਗੋਲੀ ਹੈਂਡ ਕਾਂਸਟੇਬਲ ਨਰਪਤ ਦੀ ਬੁਲੇਟ ਪਰੂਫ ਜੈਕੇਟ ਵਿਚ ਲੱਗੀ ਜਦੋਂਕਿ ਦੂਜੀ ਜ਼ਖਮੀ ਸਬ ਇੰਸਪੈਕਟਰ ਵਿਕਾਸ ਦੀ ਖੱਬੀ ਬਾਂਹ ’ਚ ਲੱਗੀ। ਪੁਲੀਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਿਸ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਦੀ ਲੱਤਾਂ ਵਿਚ ਗੋਲੀ ਵੱਜੀ।’’ ਮੁਲਜ਼ਮਾਂ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਸੈਕਟਰ 10 ਵਿਚਲੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚ ਦੋ ਲੋਡਿਡ ਪਿਸਤੌਲ, ਪੰਜ ਕਾਰਤੂਸ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।