ਦਸ ਕਿਲੋ ਭੁੱਕੀ ਸਣੇ ਟਰੱਕ ਡਰਾਈਵਰ ਕਾਬੂ
ਇੱਥੋਂ ਦੀ ਪੁਲੀਸ ਨੇ ਨਸ਼ਿਆਂ ਦੀ ਤਸਕਰੀ ’ਤੇ ਕਾਰਵਾਈ ਕਰਦੇ ਹੋਏ, ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੇੈ। ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮਨਜੀਤ ਸਿੰਘ ਉਰਫ਼ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ, ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦੇ ਕਬਜ਼ੇ ਵਿੱਚੋਂ ਦਸ ਕਿਲੋ 230 ਗਰਾਮ ਭੁੱਕੀ ਬਰਾਮਦ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਪਰਾਧ ਸ਼ਾਖਾ ਦੀ ਟੀਮ ਦੇ ਇੰਚਾਰਜ ਮੋਹਨ ਲਾਲ ਆਪਣੀ ਟੀਮ ਨਾਲ ਜੀਟੀ ਰੋਡ ਨੌਗਜਾ ਪੀਰ ਸ਼ਾਹਬਾਦ ਦੇ ਨੇੜੇ ਮੌਜੂਦ ਸਨ। ਪੁਲੀਸ ਟੀਮ ਨੂੰ ਸੂਚਨਾ ਮਿਲੀ ਕਿ ਮਨਜੀਤ ਸਿੰਘ ਉਰਫ਼ ਰਿੰਕੂ ਇੱਕ ਟਰੱਕ ਨੰਬਰ ਯੂਕੇ 06 ਸੀਬੀ 6877 ’ਤੇ ਬਤੌਰ ਡਰਾਈਵਰ ਹੈ। ਰਿੰਕੂ ਟਰੱਕ ਵਿੱਚ ਝਾਰਖੰਡ ਬਿਹਾਰ ਦਾ ਸਫ਼ਰ ਕਰਕੇ ਵਾਪਸੀ ਦੌਰਾਨ ਟਰੱਕ ਵਿੱਚ ਨਸ਼ਾ ਲੈ ਕੇ ਆਉਂਦਾ ਹੈ। ਪੁਲੀਸ ਨੂੰ ਸੂਚਨਾ ਮਿਲੀ ਕਿ ਅੱਜ ਵੀ ਰਿੰਕੂ ਆਪਣੇ ਟਰੱਕ ’ਚ ਸਮਾਨ ਲੱਦ ਕੇ ਸ਼ਾਹਬਾਦ ਦੇ ਰਸਤੇ ਰਾਹੀਂ ਪੰਜਾਬ ਜਾਏਗਾ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਜਦੋਂ ਰਸਤੇ ਵਿੱਚ ਨਾਕਾ ਲਾਇਆ ਤਾਂ ਰਿੰਕੂ ਦਾ ਟਰੱਕ ਆਉਂਦਾ ਦੇਖ ਪੁਲੀਸ ਨੇ ਟਰੱਕ ਨੂੰ ਰੋਕ ਲਿਆ। ਪੁਲੀਸ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ ਦਸ ਕਿਲੋ 230 ਗਰਾਮ ਭੁੱਕੀ ਬਰਾਮਦ ਹੋਈ। ਪੁਲੀਸ ਨੇ ਮੌਕੇ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਨੇ ਮੁਲਜ਼ਮ ਨੂੰ ਇੱਕ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।