ਕੁਰੂਕਸ਼ੇਤਰ ਯੂਨੀਵਰਸਿਟੀ ’ਚ ਕੱਢੀ ਤਿਰੰਗਾ ਯਾਤਰਾ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਯੂਨੀਵਰਸਿਟੀ ਕੈਂਪਸ ਵਿਚ ਹਰ ਘਰ ਤਿਰੰਗਾ ਅਭਿਆਨ ਤਹਿਤ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਸਿਰਫ਼ ਇਕ ਸਮਾਗਮ ਹੀ ਨਹੀਂ ਹੈ, ਸਗੋਂ ਰਾਸ਼ਟਰ ਪ੍ਰਤੀ ਸਮਰਪਣ ਮਾਣ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਤਿਰੰਗਾ ਯਾਤਰਾ ਦੇਸ਼ ਦੇ ਨੌਜਵਾਨਾਂ ਅਤੇ ਆਮ ਆਦਮੀ ਵਿਚ ਦੇਸ਼ ਭਗਤੀ ਦਾ ਜੋਸ਼ ਪੈਦਾ ਕਰਦੀ ਹੈ। ਤਿਰੰਗਾ ਯਾਤਰਾ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਦੇਸ਼ ਭਗਤੀ ਦੇ ਨਾਅਰਿਆਂ ਨਾਲ ਸ਼ੁਰੂ ਹੋਈ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ, ਸ਼ਾਖਾਵਾਂ, ਸੰਸਥਾਵਾਂ, ਲਾਇਬ੍ਰੇਰੀ, ਡੀਨ ਬਿਲਡਿੰਗ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਲੰਘੀ। ਜਿਸ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਵਲੰਟੀਅਰਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਾਈਸ ਚਾਂਸਲਰ ਨੇ ਕਿਹਾ ਕਿ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਦੇਸ਼ ਭਰ ਵਿਚ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਉਦੇਸ਼ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਪ੍ਰਤੀ ਸਤਿਕਾਰ ਅਤੇ ਮਾਣ ਦੀ ਭਾਵਨਾ ਨਾਲ ਜੋੜਨਾ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਗ਼ੈਰ ਅਧਿਆਪਨ ਸਟਾਫ਼ ਨੂੰ ਨਸ਼ੇ ਦੀ ਦੁਰਵਰਤੋਂ ਦੀ ਰੋਕ ਥਾਮ ਵਿਚ ਸਹਿਯੋਗ ਕਰਨ ਦੀ ਸਹੁੰ ਚੁਕਾਈ। ਇਸ ਦੌਰਾਨ ਉਨ੍ਹਾਂ ਕਿਸੇ ਵੀ ਮਕਸਦ ਲਈ ਕਿਸੇ ਵੀ ਨੁਕਸਾਨਦੇਹ ਜਾਂ ਗ਼ੈਰ-ਕਾਨੂੰਨੀ ਪਦਾਰਥ ਦਾ ਸੇਵਨ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਜੀਊਣ ਦਾ ਪ੍ਰਣ ਵੀ ਲਿਆ।