ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਗਾਤਾਰ ਪਏ ਮੀਂਹ ਕਾਰਨ ਟ੍ਰਾਈਸਿਟੀ ਜਲ-ਥਲ

ਚੰਡੀਗਡ਼੍ਹ ਦਾ ਤਾਪਮਾਨ 13 ਸਾਲਾਂ ਵਿੱਚ ਪਹਿਲੀ ਵਾਰ ਜੁਲਾਈ ਮਹੀਨੇ 27.7 ਡਿਗਰੀ ਰਿਹਾ
ਪੰਚਕੂਲਾ ਦੇ ਘੱਗਰ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਨੂੰ ਦੇਖਦੇ ਹੋਏ ਲੋਕ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 21 ਜੁਲਾਈ

Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਸਵੇਰੇ ਤੜਕੇ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਇਸੇ ਦੌਰਾਨ ਮੀਂਹ ਨੇ ਟ੍ਰਾਈਸਿਟੀ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਮੀਂਹ ਕਰਕੇ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਚੰਡੀਗੜ੍ਹ ਵਿੱਚ ਦਿਨ ਸਮੇਂ 10.3 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ 24 ਘੰਟਿਆਂ ਵਿੱਚ 27.2 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 13 ਸਾਲਾਂ ਵਿੱਚ ਪਹਿਲੀ ਵਾਰ ਜੁਲਾਈ ਮਹੀਨੇ ਵਿੱਚ ਡਿੱਗ ਕੇ 27.7 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ, ਜੋ ਕਿ ਨਾਲੋਂ 6.1 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਰੁੱਕ-ਰੁੱਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿੱਚ ਅੱਜ ਤੜਕੇ ਤੋਂ ਮੀਂਹ ਪੈ ਰਿਹਾ ਹੈ, ਜੋ ਕਿ ਸਾਰਾ ਦਿਨ ਰੁਕ-ਰੁਕ ਕੇ ਪੈਂਦਾ ਰਿਹਾ ਹੈ। ਮੀਂਹ ਕਰਕੇ ਚੰਡੀਗੜ੍ਹ ਦੀਆਂ ਕਈ ਮੁੱਖ ਸੜਕਾਂ ਅਤੇ ਕਈ ਬਾਹਰੀ ਇਲਾਕਿਆਂ ਵਿੱਚ ਪਾਣੀ ਖੜਾ ਹੋ ਗਿਆ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਜ਼ੀਰਕਪੁਰ ਇਲਾਕੇ ਦੀਆਂ ਗਲੀਆਂ ਪਾਣੀ ਵਿੱਚ ਡੁੱਬ ਗਈਆਂ। ਇਸ ਦੌਰਾਨ ਕਈ ਥਾਵਾਂ ’ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਹੀ ਹਾਲ ਪੰਚਕੂਲਾ ’ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮੀਂਹ ਕਰਕੇ ਸੜਕਾਂ ’ਤੇ ਪਾਣੀ ਖੜਾ ਹੋ ਗਿਆ ਹੈ। ਸੜਕਾਂ ’ਤੇ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁਹਾਲੀ ਦਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 25.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੁਹਾਲੀ ਵਿੱਚ 24 ਘੰਟਿਆਂ ਦੌਰਾਨ 19.5 ਐੱਮਐੱਮ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ ਮੌਸਮ ਖੁਸ਼ਗਵਾਰ ਹੋਣ ਕਰਕੇ ਸਾਰਾ ਦਿਨ ਕਿਣ-ਮਿਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਪਹੁੰਚੇ।

ਪੰਚਕੂਲਾ ’ਚ ਜਨਜੀਵਨ ਪ੍ਰਭਾਵਿਤ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਅੱਜ ਪਏ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਪੰਚਕੂਲਾ ਦੇ ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਬਾਹਰ ਕਈ ਘੰਟਿਆਂ ਤੱਕ ਨਹਿਰਾਂ ਵਾਂਗ ਬਰਸਾਤੀ ਪਾਣੀ ਚੱਲਿਆ। ਕੁਸ਼ੱਲਿਆ ਡੈਮ, ਘੱਗਰ ਨਦੀ ਅਤੇ ਸ਼ਿਸ਼ਵਾ ਨਦੀ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਰਹੀਆਂ। ਮਨੀਮਾਜਰਾ ਤੋਂ ਪੰਚਕੂਲਾ ਆਉਣ ਵਾਲਾ ਬਰਸਾਤੀ ਨਾਲਾ ਪੂਰੀ ਤਰ੍ਹਾਂ ਭਰਿਆ ਰਿਹਾ। ਇਸ ਪਾਣੀ ਨੇ ਕਬਾੜੀਆਂ ਦਾ ਸਾਮਾਨ ਨਾਲੇ ਦੇ ਪਾਣੀ ਵਿੱਚ ਰੁੜ ਗਿਆ, ਜਿਸ ਕਾਰਨ ਪ੍ਰਦੂਸ਼ਣ ਫੈਲ ਗਿਆ। ਮਾਰਕੀਟਾਂ ਸੁੰਨੀਆਂ ਰਹੀਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦਾ ਕੰਮ ਠੱਪ ਰਿਹਾ। ਮੁਲਾਜ਼ਮਾਂ ਨੂੰ ਬਰਸਾਤ ਕਾਰਨ ਦਫ਼ਤਰ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੋਰਨੀ ਨੇੜੇ ਪਹਾੜ ਖਿਸਕਿਆ

ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਮੋਰਨੀ ਹਿੱਲ ਵਿੱਚ ਅੱਜ ਸਵੇਰੇ ਪਏ ਭਾਰੀ ਬਰਸਾਤ ਕਾਰਨ ਮੋਰਨੀ-ਨਿਮਵਾਲਾ ਸੜਕ ’ਤੇ ਵੱਡੇ ਪਹਾੜ ਦਾ ਮਲਬਾ ਖਿਸਕ ਕੇ ਸੜਕ ’ਤੇ ਆ ਗਿਆ। ਇਸ ਦੌਰਾਨ ਕਈ ਦਰਖਤ ਵੀ ਟੁੱਟ ਕੇ ਸੜਕ ਉੱਤੇ ਆ ਗਏ। ਇਸ ਦੌਰਾਨ ਹਰਿਆਣਾ ਰੋਡਵੇਜ਼ ਦੀ ਬੱਸ ਰਸਤੇ ਵਿੱਚ ਫਸ ਗਈ ਅਤੇ ਸਵਾਰੀਆਂ ਵਿੱਚ ਡਰ ਫੈਲ ਗਿਆ। ਪ੍ਰਸਾਸ਼ਨ ਨੇ ਮਦਦ ਲਈ ਤੁਰੰਤ ਟੀਮਾਂ ਭੇਜੀਆਂ ਅਤੇ ਬੱਸ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਦੋਵਾਂ ਪਾਸੇ ਟਰੈਫਿਕ ਪੂਰੀ ਤਰ੍ਹਾਂ ਬੰਦ ਰਿਹਾ। ਪੰਚਕੂਲਾ ਜ਼ਿਲ੍ਹਾ ਪ੍ਰਸਾਸ਼ਨ ਨੇ ਮੋਰਨੀ ਦੀਆਂ ਪਹਾੜੀਆਂ ਦੇ ਆਸ-ਪਾਸ ਲੰਘ ਰਹੀਆਂ ਸੜਕਾਂ ’ਤੇ ਰੋਕ ਲਗਾ ਦਿੱਤੀ ਹੈ।

ਮੀਂਹ ਨੇ ਸੜਕਾਂ ਦੀ ਹਾਲਤ ਵਿਗਾੜੀ

ਡੇਰਾਬੱਸੀ (ਹਰਜੀਤ ਸਿੰਘ): ਭਰਵੇਂ ਮੀਂਹ ਕਾਰਨ ਇਲਾਕੇ ਦੀਆਂ ਸੜਕਾਂ ’ਤੇ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਨਸੂਨ ਦੇ ਮੱਦੇਨਜ਼ਰ ਅਗਾਊਂ ਪਬ੍ਰੰਧ ਨਹੀਂ ਕੀਤੇ ਗਏ, ਜਿਸ ਕਾਰਨ ਹੁਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਵੇਲੇ ਸਭ ਤੋਂ ਮਾੜੀ ਹਾਲਤ ਮੁਬਾਰਕਪੁਰ ਰਾਮਗੜ੍ਹ, ਡੇਰਾਬੱਸੀ ਗੁਲਾਬਗੜ੍ਹ ਤੋਂ ਬੇਹੜਾ ਅਤੇ ਸਰਕਾਰੀ ਕਾਲਜ ਤੋਂ ਪਿੰਡ ਜਿਓਲੀ ਜਾਣ ਵਾਲੀ ਸੜਕ ਦੀ ਹਾਲਤ ਕਾਫੀ ਮਾੜੀ ਬਣੀ ਹੋਈ ਹੈ। ਇਥੋਂ ਦੀ ਮੁਬਾਰਕਪੁਰ ਰਾਮਗੜ੍ਹ ਸੜਕ ’ਤੇ ਪਿੰਡ ਪੰਡਵਾਲਾ ਚੌਕ ਕੋਲ ਪਾਣੀ ਭਰਨ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਅੱਜ ਇੱਥੇ ਇੱਕ ਈਰਿਕਸ਼ਾ ਪਲਟ ਗਿਆ ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸੜਕ ’ਤੇ ਵਾਹਨਾਂ ਦੇ ਲੰਘਣ ਲਈ ਆਰਜ਼ੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਸਬੰਧਿਤ ਵਿਭਾਗ ਵੱਲੋਂ ਮੌਨਸੂਨ ਤੋਂ ਬਾਅਦ ਸੜਕ ਦੀ ਮੁਰੰਮਤ ਕੀਤੀ ਜਾਵੇਗੀ।

ਸੜਕਾਂ ’ਤੇ ਪਏ ਟੋਇਆਂ ’ਚ ਭਰਿਆ ਪਾਣੀ

ਪਿੰਡ ਕਰਤਾਰਪੁਰ ਵਿੱਚ ਸੜਕ ’ਤੇ ਪਏ ਟੋਇਆਂ ਵਿੱਚ ਖੜ੍ਹਾ ਮੀਂਹ ਦਾ ਪਾਣੀ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਸਣੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਅੱਜ ਸਾਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਪਿੰਡ ਮਾਜਰਾ ਤੇ ਮੁੱਲਾਂਪੁਰ ਗਰੀਬਦਾਸ ਦੇ ਬਿਜਲੀ ਗਰਿੱਡਾਂ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਪਿੰਡ ਮੁੱਲਾਂਪੁਰ ਗਰੀਬਦਾਸ, ਕਰਤਾਰਪੁਰ, ਕੰਸਾਲਾ, ਹੁਸ਼ਿਆਰਪੁਰ, ਢਕੋਰਾਂ, ਪੈਂਤਪੁਰ, ਚਾਹੜ ਮਾਜਰਾ, ਪਲਹੇੜੀ, ਮਾਜਰਾ, ਰਾਣੀ ਮਾਜਰਾ, ਫਾਟਵਾਂ, ਨਗਲੀਆਂ, ਬਜੀਦਪੁਰ, ਪੜਛ, ਨਾਡਾ, ਮੀਆਂਪੁਰ ਤੋਂ ਤਾਰਾਪੁਰ, ਮਸਤਗੜ੍ਹ, ਤੋਗਾਂ, ਧਨੌੜਾਂ, ਤੀੜਾ, ਮਿਲਖ ਇਲਾਕੇ ਦੀਆਂ ਸੜਕਾਂ ’ਤੇ ਪਏ ਟੋਇਆਂ ’ਚ ਮੀਂਹ ਦਾ ਪਣੀ ਭਰ ਗਿਆ। ਨਵਾਂ ਗਰਾਉਂ ’ਚ ਸੀਵਰੇਜ ਸਿਸਟਮ ਪਾਉਣ ਲਈ ਪੁੱਟੀ ਨਾਡਾ ਸੜਕ ’ਤੇ ਗਟਕਾ ਤੇ ਲੁੱਕ-ਬੱਜਰੀ ਪਾਉਣੀ ਅਜੇ ਬਾਕੀ ਹੈ, ਜਿਸ ਕਾਰਨ ਕੱਚੇ ਰਾਹ ’ਤੇ ਮੀਂਹ ਕਾਰਨ ਚਿੱਕੜ ਬਣ ਗਿਆ। ਦਲਵਿੰਦਰ ਸਿੰਘ ਬੈਨੀਪਾਲ ਕਰਤਾਰਪੁਰ, ਬਲਜੀਤ ਸਿੰਘ, ਬਹਾਦਰ ਸਿੰਘ, ਸੋਨੂੰ, ਅਰਵਿੰਦ ਕੁਮਾਰ ਅਤੇ ਅਜੀਤ ਸਿੰਘ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਹਲਕਾ ਖਰੜ ਦੇ ਪਿੰਡਾਂ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਈ ਜਾਵੇ।

Advertisement