ਸ਼ਹੀਦ ਦਵਿੰਦਰ ਸਿੰਘ ਨੂੰ ਸ਼ਰਧਾਂਜਲੀ
ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਵੱਲੋਂ ਦਵਿੰਦਰ ਸਿੰਘ ਦੇ 24ਵੇਂ ਸ਼ਹੀਦੀ ਦਿਹਾੜੇ ਮੌਕੇ ਬੁਢਲਾਡਾ ਰੋਡ ਸਥਿਤ ਸ਼ਹੀਦ ਦੀ ਸਮਾਧੀ ’ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਅਜਾਇਬ ਸਿੰਘ ਮੰਡੇਰ ਨੇ ਕੀਤੀ। ਇਸ ਮੌਕੇ ਉੱਘੇ ਸਮਾਜ ਸੇਵਕ ਕੈਪਟਨ ਜਗਜੀਤ ਸਿੰਘ ਤੇ ਇਕਬਾਲ ਸਿੰਘ ਖੋਖਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਜਥੇਦਾਰ ਕਾਕਾ ਸਿੰਘ ਲੱਧੂਵਾਸ ਅਤੇ ਐੱਸ ਐੱਚ ਓ ਰਣਜੀਤ ਸਿੰਘ ਭਿੰਡਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਕੈਪਟਨ ਜਗਜੀਤ ਸਿੰਘ ਨੇ ਕਿਹਾ ਕਿ 24 ਵਰ੍ਹੇ ਪਹਿਲਾਂ ਦੇਸ਼ ਦੇ ਸਨਮਾਨ ਲਈ ਆਪਣੀ ਜਾਨ ਵਾਰਨ ਵਾਲੇ ਸ਼ਹੀਦ ਦਵਿੰਦਰ ਸਿੰਘ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਟਰੱਸਟ ਵੱਲੋਂ ਸ਼ਹੀਦ ਦੀ ਪਤਨੀ ਜਸਵਿੰਦਰ ਕੌਰ, ਹੌਲਦਾਰ ਜਸਕਰਨ ਸਿੰਘ ਅਤੇ ਥਾਣਾ ਮੁਖੀ ਰਣਜੀਤ ਸਿੰਘ ਭਿੰਡਰ ਨੂੰ ਪ੍ਰਸ਼ੰਸਾ ਪੱਤਰ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰਤੀਆ ਅਤੇ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ। ਪ੍ਰਿੰਸੀਪਲ ਗਜਾ ਨੰਦ ਅਤੇ ਸਤਪਾਲ ਜਿੰਦਲ ਦੀ ਅਗਵਾਈ ਹੇਠ ਕੱਢੀ ਗਈ ਇਹ ਰੈਲੀ ਅਧਿਆਪਕਾਂ ਸ਼ਸ਼ੀਬਾਲਾ, ਰਾਜ ਸਿੰਘ ਕਮਾਣਾ, ਵੀਰ ਸਿੰਘ, ਭੂਪ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸ਼ਹੀਦ ਦੀ ਸਮਾਧੀ ’ਤੇ ਪੁੱਜੀ। ਵਿਦਿਆਰਥੀਆਂ ਨੇ ‘ਨਸ਼ੇ ਭਜਾਓ ਸਮਾਜ ਬਚਾਓ’ ਅਤੇ ਸ਼ਹੀਦ ਦਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ। ਜਨਰਲ ਸਕੱਤਰ ਚਿੱਤਰਕਾਰ ਕ੍ਰਿਸ਼ਨਾ ਸਿੰਘ ਵੱਲੋਂ ਕਰਵਾਏ ਕੁਇਜ਼ ਮੁਕਾਬਲੇ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
