ਮੁਹੰਮਦ ਰਫ਼ੀ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ
ਸੁਰਾਂ ਦੇ ਬਾਦਸ਼ਾਹ ਸਵਰਗ ਵਾਸੀ ਮੁਹੰਮਦ ਰਫ਼ੀ ਦੀ ਬਰਸੀ ਮੌਕੇ ਉੱਘੇ ਗਾਇਕ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੁਹੰਮਦ ਰਫ਼ੀ ਦੀ ਯਾਦ ਵਿੱਚ ‘ਸ਼੍ਰੀ ਗਣੇਸ਼ ਐਂਟਰਟੇਨਮੈਂਟ ਐਂਡ ਹਿਊਮੈਨਿਟੀਜ਼ ਸਰਵਿਸ’ ਨੇ ਮਹਾਰਾਜਾ ਅਗਰਸੇਨ ਕਾਲਜ ਦੇ ਆਡੀਟੋਰੀਅਮ ਵਿੱਚ ਇੱਕ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਫ਼ਿਲਮ ਅਦਾਕਾਰ ਸੁਦੇਸ਼ ਬੇਰੀ ਪ੍ਰੋਗਰਾਮ ਵਿੱਚ ਸੈਲੀਬ੍ਰਿਟੀ ਮਹਿਮਾਨ ਵਜੋਂ ਪਹੁੰਚੇ। ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਮੁੱਖ ਮਹਿਮਾਨ ਵਜੋਂ ਆਏ ਸਨ ਅਤੇ ਸਹਿਕਾਰੀ ਬੈਂਕ ਦੇ ਚੇਅਰਮੈਨ ਧਰਮ ਸਿੰਘ ਬਾਂਸਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਪ੍ਰੋਗਰਾਮ ਵਿੱਚ ਗਾਇਕ ਮੋਹਿਤ ਖੰਨਾ ਆਪਣੇ ਗੀਤਾਂ ਰਾਹੀਂ ਦਿੱਲੀ ਤੋਂ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀ ਭੇਟ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਮਰਹੂਮ ਮੁਹੰਮਦ ਰਫੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਫਿਲਮ ਅਦਾਕਾਰ ਸੁਦੇਸ਼ ਬੇਰੀ ਨੇ ਕਿਹਾ ਕਿ ਮੁਹੰਮਦ ਰਫੀ ਵਰਗੀ ਆਵਾਜ਼ ਦਾ ਬਾਦਸ਼ਾਹ ਪਹਿਲਾਂ ਕਦੇ ਨਹੀਂ ਹੋਇਆ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਫਿਲਮ ਜਗਤ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਿਲਮ ਜਗਤ ਨੂੰ ਮਾੜਾ ਕਹਿਣ ਵਾਲਿਆਂ ਨੂੰ ਇਸ ਨੂੰ ਸੁਧਾਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਜਗਤ ਸ਼ੀਸ਼ੇ ਵਾਂਗ ਕੰਮ ਕਰਦਾ ਹੈ, ਇਹ ਦਿਖਾਉਂਦਾ ਹੈ ਕਿ ਇਸ ਦੇਸ਼ ਵਿੱਚ ਕੀ ਹੋ ਰਿਹਾ ਹੈ। ਅਦਾਕਾਰ ਨੇ ਕਿਹਾ ਕਿਹਾ ਕਿ ਸਾਨੂੰ ਇਜ਼ਰਾਈਲ ਵਰਗਾ ਬਣਨਾ ਪਵੇਗਾ ਜਿਸ ਤੋਂ ਪੂਰੀ ਦੁਨੀਆ ਡਰਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੁਨੀਆ ਇਜ਼ਰਾਈਲ ਦੀ ਉਦਾਹਰਣ ਦਿੰਦੀ ਹੈ ਅਤੇ ਜੇਕਰ ਅਸੀਂ ਸਾਰੇ ਮਿਲ ਕੇ ਦੇਸ਼ ਲਈ ਦਸ ਫ਼ੀਸਦ ਵੀ ਕੰਮ ਕਰੀਏ, ਤਾਂ ਦੁਨੀਆ ਭਾਰਤ ਦੀ ਉਦਾਹਰਣ ਦੇਵੇਗੀ। ਸਮਾਗਮ ਦੇ ਅੰਤ ਵਿੱਚ ਸ਼੍ਰੀ ਗਣੇਸ਼ ਐਂਟਰਟੇਨਮੈਂਟ ਦੇ ਡਾਇਰੈਕਟਰ ਪੰਕਜ ਅਰੋੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
“ਪਿਛਲੇ ਦੋ ਦਹਾਕਿਆਂ ਤੋਂ ਕਰਵਾਇਆ ਜਾ ਰਿਹਾ ਪ੍ਰੋਗਰਾਮ”
‘ਸ਼੍ਰੀ ਗਣੇਸ਼ ਐਂਟਰਟੇਨਮੈਂਟ ਐਂਡ ਹਿਊਮੈਨਿਟੀ ਸਰਵਿਸ’ ਦੇ ਡਾਇਰੈਕਟਰ ਪੰਕਜ ਅਰੋੜਾ ਨੇ ਕਿਹਾ ਕਿ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਉਹ ਇਸ ਤਰ੍ਹਾਂ ਹੀ ਗੀਤਾਂ ਰਾਹੀਂ ਸਵਰਗ ਵਾਸੀ ਮੁਹੰਮਦ ਰਫ਼ੀ ਨੂੰ ਯਾਦ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸ਼ਹਿਰ ਵਾਸੀ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਸਮਰਥਨ ਅਤੇ ਸਹਿਯੋਗ ਕਰਦੇ ਹਨ।