ਤਿਉਹਾਰਾਂ ਦੇ ਮੱਦੇਨਜ਼ਰ ਟ੍ਰਾਈਸਿਟੀ ’ਚ ਥਾਂ-ਥਾਂ ਲੱਗੇ ਜਾਮ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਸ਼ੁਰੂ ਹੋ ਗਈਆਂ ਹਨ। ਅੱਜ ਤਿਉਹਾਰਾਂ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਕਰਨ ਲਈ ਬਾਜ਼ਾਰਾਂ ਵਿੱਚ ਨਿਕਲੇ, ਜਿਸ ਕਰਕੇ ਟ੍ਰਾਈਸਿਟੀ ਵਿੱਚ ਥਾਂ-ਥਾਂ ’ਤੇ ਜਾਮ ਲੱਗੇ ਹੋਏ ਹਨ।
ਸ਼ਹਿਰ ਵਿੱਚ ਜਾਮ ਲੱਗਣ ਕਰਕੇ ਲੋਕਾਂ ਨੂੰ ਇਕ-ਇਕ ਘੰਟਾ ਚੌਕ ਵਿੱਚ ਉਡੀਕ ਕਰਨੀ ਪੈ ਰਹੀ ਹੈ। ਇਹ ਹੀ ਹਾਲ ਜ਼ੀਰਕਪੁਰ, ਮੁਹਾਲੀ, ਪੰਚਕੂਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਟਰੈਫ਼ਿਕ ਪੁਲੀਸ ਵੀ ਮੁਸਤੈਦ ਦਿਖਾਈ ਦੇ ਰਹੇ ਹਨ ਪਰ ਜਾਮ ਖੁੱਲ੍ਹਵਾਉਣ ’ਚ ਉਨ੍ਹਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਸਜੀਆਂ ਹੋਈਆਂ ਹਨ ਅਤੇ ਲੋਕ ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰਨ ਨਿਕਲ ਰਹੇ ਹਨ।
ਇਸ ਦੌਰਾਨ ਸੈਕਟਰ-26 ਵਿਖੇ ਸਥਿਤ ਮੰਡੀ ਵਿੱਚ ਸਾਰਾ ਦਿਨ ਜਾਮ ਲੱਗਿਆ ਰਿਹਾ ਹੈ। ਦੁਪਹਿਰ ਸਮੇਂ ਸ਼ਹਿਰ ਦੇ ਮੱਧ ਮਾਰਗ ਅਤੇ ਦੱਖਣ ਮਾਰਗ ’ਤੇ ਵੀ ਭਾਰੀ ਜਾਮ ਲੱਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਸੈਕਟਰ 17 ਪਲਾਜ਼ਾ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਹਨ। ਸੈਕਟਰ 29, ਸੈਕਟਰ 30, ਸੈਕਟਰ 20, ਸੈਕਟਰ 21, ਸੈਕਟਰ 18, ਸੈਕਟਰ 22, ਸੈਕਟਰ 32, ਸੈਕਟਰ 33, ਸੈਕਟਰ 34, ਸੈਕਟਰ 35, ਸੈਕਟਰ 45, ਸੈਕਟਰ 46, ਸੈਕਟਰ 41, ਸੈਕਟਰ 40, ਮਨੀਮਾਜਰਾ, ਦੜੂਆ, ਬਲਟਾਣਾ, ਖੁੱਡਾ ਲਾਹੌਰਾ, ਖੁੱਡਾ ਜੱਸੂ ਸਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਖਰੀਦਦਾਰੀ ਕਰ ਰਹੇ ਹਨ।
ਦੀਵਾਲੀ ’ਤੇ ਮਹਿੰਗਾਈ ਦੀ ਮਾਰ
ਪਿਛਲੇ ਕੁਝ ਸਮੇਂ ਤੋਂ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦਾ ਅਸਰ ਦੀਵਾਲੀ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮਹਿੰਗਾਈ ਕਰਕੇ ਹਰੇਕ ਵਸਤੂ ਦੀਆਂ ਕੀਮਤਾਂ ਵੱਧ ਗਈਆਂ ਹਨ। ਰੌਸ਼ਨੀ ਦੇ ਤਿਉਹਾਰ ਦੀਵਾਲੀ ’ਤੇ ਦੀਵੇ ਅਤੇ ਮੋਮਬੱਤੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਸ ਵਾਰ ਮੋਮਬੱਤੀ ਦੀ ਕੀਮਤ ਵਿੱਚ 5 ਤੋਂ 10 ਫ਼ੀਸਦ ਤੱਕ ਦਾ ਵਾਧਾ ਹੋ ਗਿਆ ਹੈ, ਜਦੋਂ ਕਿ ਦੀਵੇ ਵੀ ਪਹਿਲਾਂ ਨਾਲੋਂ ਮਹਿੰਗੇ ਹਨ।