ਵਿਆਹਾਂ ਕਾਰਨ ਆਵਾਜਾਈ ਜਾਮ
ਉਦਯੋਗਿਕ ਸ਼ਹਿਰ ਵਿੱਚ ਅੱਜ ਕਈ ਵਿਆਹ ਸਮਾਗਮ ਹੋ ਰਹੇ ਹਨ, ਜਿਸ ਕਰ ਕੇ ਸ਼ਹਿਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਟਰੈਫ਼ਿਕ ਪੁਲੀਸ ਨੂੰ ਮਸ਼ੱਕਤ ਨਾਲ ਆਵਾਜਾਈ ਨੂੰ ਕੰਟਰੋਲ ਕਰਨਾ ਪਿਆ। ਪਾਰਕਿੰਗ ਨੂੰ ਲੈ ਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਕਿਉਂਕੀ ਸ਼ਹਿਰ ਦੇ ਮੈਰਿਜ ਪੈਲਸਾਂ, ਬੈਂਕਟ ਹਾਲਾਂ ਤੇ ਸਮੁਦਾਇਕ ਕੇਂਦਰਾਂ ਵਿੱਚ ਲੋਕਾਂ ਵੱਲੋਂ ਗੱਡੀਆਂ ਸੜਕਾਂ ਦੇ ਕਿਨਾਰੇ ਹੀ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਹੋਰ ਗੱਡੀ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਉਦਯੋਗਿਕ ਸ਼ਹਿਰ ਵਿੱਚ ਲਗਪਗ ਦੋ ਹਜ਼ਾਰ ਤੋਂ ਵੱਧ ਵਿਆਹ ਸਮਾਗਮ ਹੋਏ। ਸ਼ਹਿਰ ਵਿੱਚ ਪਾਰਕਿੰਗ ਸਹੂਲਤਾਂ ਦੀ ਘਾਟ ਕਾਰਨ ਲੋਕ ਆਪਣੇ ਵਾਹਨ ਸੜਕਾਂ ‘ਤੇ ਖੜ੍ਹੇ ਕਰ ਕੇ ਵਿਆਹ ਸਮਾਗਮਾਂ ਵਿੱਚ ਚਲੇ ਗਏ, ਜਿਸ ਕਾਰਨ ਸੜਕਾਂ ’ਤੇ ਬਾਕੀ ਦਾ ਟ੍ਰੈਫ਼ਿਕ ਜਾਮ ਹੋ ਗਿਆ। ਕਈ ਫਾਰਮ ਹਾਊਸ ਅਤੇ ਕਮਿਊਨਿਟੀ ਹਾਲ ਸੂਰਜਕੁੰਡ ਰੋਡ, ਕੈਲ ਪਿੰਡ ਤੋਂ ਸੀਕਰੀ ਤੱਕ ਕੌਮੀ ਰਾਜਮਾਰਗ, ਮੈਟਰੋ ਰੋਡ, ਬਡਖਲ ਰੋਡ, ਬੱਲਭਗੜ੍ਹ ਵਿੱਚ ਤਿਗਾਓਂ ਰੋਡ ਤੇ ਗ੍ਰੇਟਰ ਫਰੀਦਾਬਾਦ ਵਿੱਚ ਸਥਿਤ ਹਨ। ਕੁਝ ਲੋਕਾਂ ਨੇ ਵਿਆਹ ਸਮਾਗਮਾਂ ਲਈ ਆਪਣੇ ਘਰਾਂ ਦੇ ਨੇੜੇ ਤੰਬੂ ਲਗਾਏ ਹਨ। ਫਰੀਦਾਬਾਦ ਦੇ ਸਹਾਇਕ ਟ੍ਰੈਫਿਕ ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਪੁਲੀਸ ਆਮ ਵਾਂਗ ਆਪਣੇ ਨਿਰਧਾਰਤ ਸਥਾਨਾਂ ’ਤੇ ਡਿਊਟੀ ਕਰ ਰਹੀ ਹੈ। ਸੜਕਾਂ ’ਤੇ ਆਪਣਾ ਵਾਹਨ ਖੜ੍ਹਾ ਕਰ ਕੇ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਜੁਰਮਾਨਾ ਕਰਨ ਦਾ ਨਿਯਮ ਹੈ ਤੇ ਜੁਰਮਾਨੇ ਲਈ ਡਰਾਈਵਰ ਜ਼ਿੰਮੇਵਾਰ ਹੋਵੇਗਾ।
