ਬਾਜ਼ਾਰ ’ਚ ਲੋਕਾਂ ਦੀ ਸਹੂਲਤ ਲਈ ਪਖਾਨੇ ਬਣਾਏ
ਹੁਣ ਮੀਰਾ ਬਾਈ ਮਾਰਕੀਟ ਦੇ ਦੁਕਾਨਦਾਰਾਂ ਅਤੇ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਪਖਾਨਿਆਂ ਲਈ ਇੱਧਰ-ਉੱਧਰ ਭਟਕਣਾ ਨਹੀਂ ਪਵੇਗਾ। ਨਗਰ ਨਿਗਮ ਨੇ ਮੀਰਾ ਬਾਈ ਮਾਰਕੀਟ ਵਿੱਚ ਮਰਦਾਂ ਅਤੇ ਔਰਤਾਂ ਲਈ ਵੱਖਰੇ ਪਖਾਨੇ ਬਣਾਏ ਹਨ। ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਸੁਮਨ ਬਾਹਮਣੀ ਅਤੇ ਕੌਂਸਲਰ ਮਨੂ ਕ੍ਰਿਸ਼ਨ ਸਿੰਗਲਾ ਨੇ ਪਖਾਨਿਆਂ ਦੀਆਂ ਚਾਬੀਆਂ ਮਾਰਕੀਟ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ, ਨਰੇਸ਼ ਸਾਗਰ ਅਤੇ ਹੋਰ ਅਧਿਕਾਰੀਆਂ ਨੂੰ ਸੌਂਪੀਆਂ ।
ਮੀਰਾ ਬਾਈ ਮਾਰਕੀਟ ਵਿੱਚ ਪਖਾਨਿਆਂ ਦੇ ਨਿਰਮਾਣ ਕਾਰਨ ਦੁਕਾਨਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਮੀਰਾ ਬਾਈ ਮਾਰਕੀਟ ਵਿੱਚ ਪਖਾਨਿਆਂ ਦੀ ਘਾਟ ਕਾਰਨ ਦੁਕਾਨਦਾਰਾਂ, ਦੁਕਾਨਾਂ ‘ਤੇ ਕੰਮ ਕਰਨ ਵਾਲੀਆਂ ਕੁੜੀਆਂ, ਔਰਤਾਂ ਅਤੇ ਬਾਜ਼ਾਰ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜ਼ਿਆਦਾਤਰ ਲੋਕਾਂ ਨੂੰ ਨਗਰ ਨਿਗਮ ਦਫ਼ਤਰ ਦੇ ਪਖਾਨਿਆਂ ਵਿੱਚ ਜਾਣਾ ਪੈਂਦਾ ਸੀ। ਕੁਝ ਮਹੀਨੇ ਪਹਿਲਾਂ ਬਾਜ਼ਾਰ ਪ੍ਰਧਾਨ ਅਤੇ ਦੁਕਾਨਦਾਰਾਂ ਵੱਲੋਂ ਮੇਅਰ ਸੁਮਨ ਬਾਹਮਣੀ ਕੋਲ ਪਖਾਨੇ ਬਣਾਉਣ ਦੀ ਮੰਗ ਰੱਖੀ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਤੁਰੰਤ ਨਿਗਮ ਅਧਿਕਾਰੀਆਂ ਨੂੰ ਪਖਾਨੇ ਬਣਾਉਣ ਦੇ ਨਿਰਦੇਸ਼ ਦਿੱਤੇ। ਪਖਾਨਿਆਂ ਦੀ ਸਫਾਈ ਨਗਰ ਨਿਗਮ ਵੱਲੋਂ ਕੀਤੀ ਜਾਵੇਗੀ। ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਵਿੱਚ ਚੰਗਾ ਕੰਮ ਕਰ ਰਿਹਾ ਹੈ।