ਉਸਾਰੀ ਅਧੀਨ ਝੀਲ ਦੀਆਂ ਟਾਈਲਾਂ ਡਿੱਗੀਆਂ
ਹਰਿਆਣਾ ਦੇ ਪ੍ਰਸਿੱਧ ਸੈਲਾਨੀ ਕੇਂਦਰਾਂ ਵਿੱਚੋਂ ਇੱਕ ਬੜਖਲ ਝੀਲ ਦੇ ਸੁੰਦਰੀਕਰਨ ਦਾ ਕੰਮ ਅਜੇ ਜਾਰੀ ਹੀ ਹੈ ਕਿ ਇਸ ਦੇ ਉਸਰ ਰਹੇ ਉੱਚੇ ਬੰਨ੍ਹ ਦੀਆਂ ਲਾਈਆਂ ਗਈਆਂ ਟਾਈਲਾਂ ਹੁਣੇ ਤੋਂ ਹੀ ਡਿੱਗਣ ਲੱਗੀਆਂ ਹਨ। ਝੀਲ ਦੇ ਪਾਣੀ ਨੂੰ ਰੋਕਣ ਲਈ ਬਣਾਏ ਗਏ ਬੰਨ੍ਹ ਦੀਆਂ ਪੌੜੀਆਂ ਦੀਆਂ ਕੰਧਾਂ ’ਤੇ ਭੂਰੇ ਲਾਲ ਰੰਗ ਦੀਆਂ ਟਾਈਲਾਂ ਲਾਈਆਂ ਗਈਆਂ ਹਨ। ਇਹ ਟਾਈਲਾਂ ਛੇਤੀ ਹੀ ਕੰਧ ਤੋਂ ਲੱਥ ਕੇ ਡਿੱਗ ਗਈਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 31 ਦਸੰਬਰ ਤੱਕ ਇਸ ਝੀਲ ਦੇ ਸਾਰੇ ਉਸਾਰੀ ਕਾਰਜ ਪੂਰੇ ਕਰਕੇ ਦਰਸ਼ਕਾਂ ਲਈ ਖੋਲ੍ਹਣ ਦੀ ਵਿਵਸਥਾ ਕੀਤੀ ਜਾਵੇਗੀ। ਹਾਲਾਂਕਿ, ਇਹ ਕੰਮ ਅਜੇ ਵੀ ਅਧੂਰਾ ਪਿਆ ਹੈ। ਜੋ ਕੰਮ ਹੋਇਆ ਹੈ ਉਹ ਵੀ ਹੁਣੇ ਹੀ ਬਰਬਾਦ ਹੋਣ ਲੱਗਿਆ ਹੈ। ਫੂਡ ਕੋਰਟ ਅਜੇ ਬਣ ਕੇ ਤਿਆਰ ਨਹੀਂ ਹੋਇਆ। ਫੁੱਟ ਬ੍ਰਿਜ ਵੀ ਨਹੀਂ ਬਣ ਸਕਿਆ ਅਤੇ ਝੀਲ ਵਿੱਚ ਉੱਗੀ ਬੂਟੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਸਾਬਤ ਹੋਈਆਂ ਹਨ। ਜੂਨ 2015 ਵਿੱਚ ਬੜਖਲ ਵਿੱਚ ਇੱਕ ਰੈਲੀ ਵਿੱਚ, ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਸ਼ਾਮਲ ਹੋਏ ਸਨ ਅਤੇ ਤਤਕਾਲੀ ਵਿਧਾਇਕ ਸੀਮਾ ਤ੍ਰਿਖਾ ਨੇ ਬੜਖਲ ਝੀਲ ਦੀ ਬਹਾਲੀ ਦੀ ਮੰਗ ਕੀਤੀ। ਤਤਕਾਲੀ ਮੁੱਖ ਮੰਤਰੀ ਨੇ ਇਸ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਧਰ, ਅਧਿਕਾਰੀਆਂ ਨੇ ਕਿਹਾ ਕਿ ਇੱਥੇ ਸਾਊਂਡ ਸਿਸਟਮ ਲਾਇਆ ਜਾਵੇਗਾ। ਸਮਾਰਟ ਸਿਟੀ ਲਿਮਟਿਡ ਇੱਕ ਫੂਡ ਕੋਰਟ ਬਣਾ ਰਿਹਾ ਹੈ। ਪਾਰਕਿੰਗ ਲਾਟ ਨੂੰ ਝੀਲ ਨਾਲ ਜੋੜਨ ਲਈ ਫੁੱਟਬ੍ਰਿਜ ਵੀ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹੋਈ ਟੁੱਟ-ਫੁੱਟ ਠੀਕ ਕੀਤੀ ਜਾਵੇਗੀ।
